ਐਨ.ਪੀ. ਧਵਨ
ਪਠਾਨਕੋਟ, 11 ਜੂਨ
ਇੱਥੇ ਲੰਘੇ ਕੱਲ੍ਹ ਦੇਰ ਸ਼ਾਮ ਆਏ ਝੱਖੜ ਅਤੇ ਬਾਰਸ਼ ਤੇ ਗੜਿਆਂ ਨਾਲ ਪਠਾਨਕੋਟ ਜ਼ਿਲ੍ਹੇ ’ਚ ਬਹੁਤ ਨੁਕਸਾਨ ਹੋਇਆ। ਬਹੁਤ ਸਾਰੇ ਦਰੱਖਤ ਟੁੱਟ ਕੇ ਸੜਕਾਂ ਅਤੇ ਬਿਜਲੀ ਦੇ ਖੰਭਿਆਂ ਉੱਪਰ ਆ ਡਿੱਗੇ ਜਿਸ ਨਾਲ ਆਵਾਜਾਈ ਅਤੇ ਬਿਜਲੀ ਪ੍ਰਭਾਵਿਤ ਹੋਈ। ਪਠਾਨਕੋਟ ਦੇ ਸਿਵਲ ਹਸਪਤਾਲ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਇੱਕ ਦਰਖਤ ਡਾਕਟਰ ਦੀ ਕਾਰ ਉੱਪਰ ਆ ਡਿੱਗਿਆ ਜਿਸ ਨਾਲ ਉਹ ਤੇ ਉਸ ਦੇ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ ਪਰ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਗਈ।
ਕਈ ਘਰਾਂ ਦੀਆਂ ਪਲਾਸਟਿਕ ਦੀਆਂ ਪਾਣੀ ਵਾਲੀਆਂ ਟੈਂਕੀਆਂ ਛੱਤਾਂ ਤੋਂ ਉਖੜ ਕੇ ਥੱਲੇ ਆ ਡਿੱਗੀਆਂ। ਪਿੰਡ ਰਹੀਮਪੁਰ ਵਿੱਚ ਇੱਕ ਗੁੱਜਰ ਪਰਿਵਾਰ ਦੀ ਛੰਨ ਹੀ ਉੱਡ ਗਈ ਪਰ ਪਰਿਵਾਰ ਬਚ ਗਿਆ। ਇਸੇ ਤਰ੍ਹਾਂ ਪਠਾਨਕੋਟ-ਅੰਮ੍ਰਿਤਸਰ ਸੜਕ ’ਤੇ ਹਨੇਰੀ ਸਮੇਂ 6 ਵਾਹਨ ਇੱਕ-ਦੂਸਰੇ ਵਿੱਚ ਟਕਰਾ ਗਏ ਤੇ ਹਾਦਸਾਗ੍ਰਸਤ ਹੋ ਗਏ। ਇਸ ਮੌਕੇ ਕਾਫੀ ਦੇਰ ਸੜਕ ’ਤੇ ਜਾਮ ਲੱਗਿਆ ਰਿਹਾ। ਇਸ ਦੇ ਇਲਾਵਾ ਬੇਗੋਵਾਲ-ਤਾਰਾਗੜ੍ਹ ਬਣ ਰਹੀ ਕੰਕਰੀਟ ਦੀ ਸੜਕ ਤੇ ਇੱਕ ਰੇਤਾ ਨਾਲ ਭਰਿਆ ਹੋਇਆ ਟਿੱਪਰ, ਟਰੈਕਟਰ-ਟਰਾਲੀ ਦੀ ਸਾਈਡ ਵੱਜਣ ਨਾਲ ਪਲਟ ਗਿਆ।
ਝੱਖੜ ਇੰਨਾ ਤੇਜ਼ ਸੀ ਕਿ ਮਿੰਟਾਂ ਵਿੱਚ ਹੀ ਸਭ ਕੁੱਝ ਤਹਿਸ਼ ਨਹਿਸ਼ ਹੋ ਗਿਆ। ਪਰਮਾਨੰਦ-ਨਰੋਟ ਜੈਮਲ ਸਿੰਘ ਨੈਸ਼ਨਲ ਹਾਈਵੇਅ ਤੇ ਦਰਜਨਾਂ ਦਰੱਖਤ ਅਤੇ ਬਿਜਲੀ ਦੇ ਖੰਭੇ ਉੱਖੜ ਗਏ। ਜਿਸ ਨਾਲ ਰਾਤ-ਭਰ ਬਿਜਲੀ ਬੰਦ ਰਹੀ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪਿੰਡ ਰਹੀਮਪੁਰ ਵਿੱਚ ਰਹਿਣ ਵਾਲੇ ਗੁੱਜਰ ਪਰਿਵਾਰਾਂ ਦਾ ਆਸ਼ਿਆਨਾ ਤੇਜ਼ ਹਨੇਰੀ ਦੀ ਲਪੇਟ ਵਿੱਚ ਆ ਗਿਆ ਅਤੇ ਉਨ੍ਹਾਂ ਝੌਂਪੜੀਨੁਮਾ ਡੇਰਾ ਉਡ ਗਿਆ। ਪਿੰਡ ਬੇਗੋਵਾਲ ਦੇ ਬੱਸ ਸਟੈਂਡ ਦੇ ਕੋਲ ਖਜੂਰ ਚੌਕ ਵਿੱਚ ਇੱਕ ਪੁਰਾਣੀ ਖਜੂਰ ਤੇਜ਼ ਹਨੇਰੀ ਕਾਰਨ ਟੁੱਟ ਕੇ ਫਰੂਟ ਅਤੇ ਸਬਜ਼ੀ ਦੀ ਦੁਕਾਨ ’ਤੇ ਜਾ ਡਿੱਗੀ ਪਰ ਦੁਕਾਨ ਬੰਦ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸਿਵਲ ਹਸਪਤਾਲ ਦੇ ਡਾਕਟਰ ਮਹਿੰਦਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਬੱਚੀ ਨਾਲ ਬਜ਼ਾਰ ਜਾਣ ਲਈ ਕਾਰ ਵਿੱਚ ਬੈਠਣ ਹੀ ਲੱਗੇ ਸਨ ਕਿ ਇੱਕ ਦਰਖਤ ਕਾਰ ਉਪਰ ਆ ਡਿੱਗਾ ਜਿਸ ਨਾਲ ਉਹ ਬਚ ਗਏ। ਪਰ ਹਾਦਸਾ ਦੇਖ ਕੇ ਬੱਚੀ ਬੇਹੋਸ਼ ਹੋ ਗਈ ਜੋ ਥੋੜੀ ਦੇਰ ਬਾਅਦ ਹੋਸ਼ ਵਿੱਚ ਆਈ।
ਭੁਲੱਥ (ਦਲੇਰ ਸਿੰਘ ਚੀਮਾ): ਇੱਥੇ ਬੀਤੀ ਸ਼ਾਮ ਆਏ ਝੱਖੜ ਨੇ ਰੁੱਖ ਉਖਾੜ ਦਿੱਤੇ। ਇਸ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਜਿਸ ਕਾਰਨ ਝੋਨੇ ਦੀ ਬਿਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੰਡ ਹਬੀਬਵਾਲ ਵਿਚ ਇਸ ਤੂਫਾਨ ਕਾਰਨ ਭਾਰੀ ਨੁਕਸਾਨ ਹੋਇਆ ਹੈ। ਲੋਕਾਂ ਦੀਆਂ ਹਵੇਲੀਆਂ ਦੀਆਂ ਕੰਧਾਂ, ਮੋਟਰਾਂ ਦੇ ਕੋਠੇ ਢਹਿ ਢੇਰੀ ਹੋ ਗਏ।