ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਜੂਨ
ਕਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੌਰਾਨ ਅੱਜ ਦੋ ਦਿਨਾ ਤਾਲਾਬੰਦੀ ਦੇ ਪਹਿਲੇ ਦਿਨ ਸ਼ਹਿਰ ਵਿੱਚ ਆਵਜਾਈ ਅਤੇ ਕਾਰੋਬਾਰ ਮੁਕੰਮਲ ਬੰਦ ਰਹੇ ਹਨ। ਬੰਦ ਦੇ ਕਾਰਨ ਸੜਕਾਂ ’ਤੇ ਸੁੰਨ ਪਸਰੀ ਰਹੀ ਅਤੇ ਲੋਕ ਵਧੇਰੇ ਘਰਾਂ ਵਿੱਚ ਰਹੇ ਹਨ ਪਰ ਇਸ ਦੌਰਾਨ ਸ਼ਰਾਬ ਦੇ ਠੇਕੇ ਆਮ ਦਿਨਾਂ ਵਾਂਗ ਹੀ ਖੁੱਲ੍ਹੇ ਰਹੇ। ਸ਼ਹਿਰ ਦੇ ਪ੍ਰਮੁਖ ਵਪਾਰਕ ਬਜ਼ਾਰ ਹਾਲ ਬਾਜ਼ਾਰ, ਸ਼ਾਸਤਰੀ ਬਾਜ਼ਾਰ, ਕੱਟੜਾ ਜੈਮਲ ਸਿੰਘ, ਲਾਰੇਂਸ ਰੋਡ, ਰਣਜੀਤ ਐਵੀਨਿਊ ਤੇ ਹੋਰ ਇਲਾਕਿਆਂ ਵਿੱਚ ਕਾਰੋਬਾਰ ਮੁਕੰਮਲ ਬੰਦ ਰਹੇ। ਆਵਾਜਾਈ ਵੀ ਨਾ ਮਾਤਰ ਦਿਖਾਈ ਦਿੱਤੀ ਹੈ। ਲੋਕ ਵਧੇਰੇ ਘਰਾਂ ਵਿੱਚ ਹੀ ਰਹੇ ਹਨ। ਕਰੋਨਾ ਦੀ ਇਸ ਲੜੀ ਨੂੰ ਤੋੜਨ ਲਈ ਸ਼ੁਰੂ ਕੀਤੀ ਇਸ ਤਾਲਾਬੰਦੀ ਦੌਰਾਨ ਅੱਜ ਸਥਾਨਕ ਅੰਤਰਰਾਜੀ ਬੱਸ ਅੱਡੇ ’ਤੇ ਵੀ ਸੁੰਨ ਪਸਰੀ ਰਹੀ ਹੈ। ਕੁਝ ਦਿਨ ਪਹਿਲਾਂ ਹੀ ਇਥੋਂ ਕੁਝ ਮਾਰਗਾਂ ’ਤੇ ਬੱਸਾਂ ਚਲਾਈਆਂ ਗਈਆਂ ਸਨ ਪਰ ਅੱਜ ਇਹ ਵੀ ਬੰਦ ਰਹੀਆਂ ਹਨ।
ਜਲੰਧਰ (ਪਾਲ ਸਿੰਘ ਨੌਲੀ): ਸਨਿੱਚਰਵਾਰ ਤੇ ਐਤਵਾਰ ਨੂੰ ਐਲਾਨੇ ਲੌਕਡਾਊਨ ਕਾਰਨ ਅੱਜ ਲੋਕ ਆਮ ਨਾਲੋਂ ਸੜਕਾਂ ’ਤੇ ਘੱਟ ਨਿਕਲੇ ਤੇ ਬਾਜ਼ਾਰਾਂ ਦੀਆਂ ਬਹੁਤੀਆਂ ਦੁਕਾਨਾਂ ਬੰਦ ਰਹੀਆਂ। ਬੱਸ ਅੱਡੇ ਤੋਂ ਵੀ ਕੋਈ ਸਰਕਾਰੀ ਬੱਸ ਨਹੀਂ ਚੱਲੀ। ਸ਼ਹਿਰ ਦੇ ਜੋਤੀ ਚੌਂਕ, ਨਕੋਦਰ ਰੋਡ, ਮਾਈ ਹੀਰਾਂ ਗੇਟ ਤੇ ਹੋਰ ਇਲਾਕਿਆਂ ਵਿੱਚ ਸੁੰਨ ਪੱਸਰੀ ਰਹੀ। ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਅੱਡੇ ’ਤੇ ਈ-ਪਾਸ ਧਾਰਕ ਕੋਈ ਵੀ ਯਾਤਰੀ ਨਹੀਂ ਪਹੁੰਚਿਆ, ਇਸ ਕਾਰਨ ਕਿਸੇ ਵੀ ਰੂਟ ਲਈ ਬੱਸ ਰਵਾਨਾ ਨਹੀਂ ਹੋਈ।
ਪੰਜਾਬ ਰੋਡਵੇਜ਼ ਜਲੰਧਰ ਦੇ ਜਰਨਲ ਮੈਨੇਜਰ ਨਵਰਾਜ ਬਾਤਿਸ਼ ਨੇ ਸਨਿੱਚਰਵਾਰ ਸਵੇਰ ਤੋਂ ਹੀ ਜਲੰਧਰ ਬੱਸ ਸਟੈਂਡ ਤੋਂ ਬੱਸਾਂ ਨਾ ਚੱਲਣ ਦੀ ਪੁਸ਼ਟੀ ਕੀਤੀ। ਰੇਲਵੇ ਸਟੇਸ਼ਨ ’ਤੇ ਲੋਕਾਂ ਦੀ ਇਸ ਕਰਕੇ ਭੀੜ ਰਹੀ ਕਿ ਉਹ ਆਪਣੇ ਪੈਸੇ ਰੀਫੰਡ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਆਏ ਹੋਏ ਸਨ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਇੱਥੇ ਜੰਡਿਆਲਾ ਗੁਰੂ ਦੀ ਸਬਜ਼ੀ ਮੰਡੀ ਵਿੱਚ ਕਰੋਨਾ ਮਹਾਮਾਰੀ ਦੇ ਚੱਲਦੇ ਸਰਕਾਰ ਵੱਲੋਂ ਜਾਰੀ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਸਗੋਂ ਸਬਜ਼ੀ ਮੰਡੀ ਰਾਤ ਨੂੰ ਦੋ ਵਜੇ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਰਾਤ ਸਮੇਂ ਸਬਜ਼ੀ ਮੰਡੀ ਖੁੱਲ੍ਹਣ ਦੇ ਕਾਰਨ ਕਈ ਵਾਰ ਸਬਜ਼ੀ ਵਿਕਰੇਤਾ ਅਤੇ ਆੜ੍ਹਤੀ ਲੁੱਟ ਦਾ ਸ਼ਿਕਾਰ ਵੀ ਹੋਏ ਹਨ।
ਬਜ਼ਾਰ ਤਾਂ ਖੁੱਲ੍ਹੇ ਪਰ ਲੋਕ ਘਰਾਂ ਤੋਂ ਨਹੀਂ ਨਿਕਲੇ ਬਾਹਰ
ਨਡਾਲਾ(ਸਰਬੱਤ ਸਿੰਘ ਕੰਗ): ਇਥੇ ਅੱਜ ਨਡਾਲਾ ਦੇ ਬਜ਼ਾਰ ਤਾਂ ਖੁੱਲ੍ਹੇ ਪਰ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ। ਸਰਕਾਰ ਵੱਲੋਂ ਵਾਰ ਵਾਰ ਬਿਆਨ ਬਦਲਣ ਕਾਰਨ ਅਜਿਹਾ ਵਾਪਰਿਆ ਹੈ। ਪਹਿਲਾਂ ਕਿਹਾ ਗਿਆ ਕਿ ਦੋ ਦਿਨ ਮੁਕੰਮਲ ਲੌਕਡਾਊਨ ਰਹੇਗਾ, ਲੋਕ ਘਰਾਂ ਤੋਂ ਬਾਹਰ ਨਹੀਂ ਆਉਣਗੇ। ਪ੍ਰਿੰਟ ਮੀਡੀਆ ਦੇ ਮੁਕਾਬਲੇ ਟੀਵੀ ਚੈਨਲਾਂ ਦੀਆਂ ਖਬਰਾਂ ਵੱਖ-ਵੱਖ ਸਨ। ਇਸ ਕਰਕੇ ਲੋਕਾਂ ਨੇ ਕਿਸੇ ਅਣਕਿਆਸੀ ਸਥਿਤੀ ਤੋਂ ਬਚਣ ਲਈ ਘਰਾਂ ਵਿੱਚ ਰਹਿਣਾ ਹੀ ਬਿਹਤਰ ਸਮਝਿਆ। ਦੂਜੇ ਪਾਸੇ ਸਰਕਾਰ ਵੱਲੋਂ ਛੋਟ ਮਿਲਣ ’ਤੇ ਕਰਿਆਨਾ, ਮੈਡੀਕਲ, ਮਨਿਆਰੀ ਅਤੇ ਕੱਪੜਾ ਆਦਿ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ। ਇਸੇ ਤਰ੍ਹਾਂ ਫਲ ਤੇ ਸਬਜ਼ੀ ਦੀਆਂ ਦੁਕਾਨਾਂ ਇੱਕਾ ਦੁੱਕਾ ਹੀ ਖੁੱਲ੍ਹੀਆਂ ਤੇ ਰੇਹੜੀਆਂ ਵੀ ਘੱਟ ਹੀ ਲੱਗੀਆਂ। ਇਸ ਸਬੰਧੀ ਦੁਕਾਨਦਾਰ ਗੁਰਚਰਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਤੱਕ ਸਪੱਸ਼ਟ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ।
ਵਪਾਰ ਮੰਡਲ ਦੇ ਪ੍ਰਧਾਨ ਖ਼ਿਲਾਫ਼ ਕੇਸ ਦਰਜ
ਪਠਾਨਕੋਟ(ਪੱਤਰ ਪ੍ਰੇਰਕ): ਅੱਜ ਵਪਾਰ ਮੰਡਲ ਪਠਾਨਕੋਟ ਦੇ ਇੰਚਾਰਜ ਭਾਰਤ ਮਹਾਜਨ ਤੇ ਉਸ ਦੇ ਸਾਥੀਆਂ ਨੂੰ ਇੱਥੇ ਡਾਕਖਾਨਾ ਚੌਕ ਵਿੱਚ ਟਰੈਫ਼ਿਕ ਦੇ ਚਲਦਿਆਂ ਕ੍ਰਿਕਟ ਖੇਡਣ ਦੀ ਵੀਡੀਓ ਵਾਇਰਲ ਹੋਣ ’ਤੇ ਪੁਲੀਸ ਨੇ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਹਿਤ ਭਾਰਤ ਮਹਾਜਨ ਤੇ ਉਸ ਦੇ ਅੱਧੀ ਦਰਜਨ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੀ ਪੁਸ਼ਟੀ ਥਾਣਾ ਮੁਖੀ ਦਵਿੰਦਰ ਪ੍ਰਕਾਸ਼ ਨੇ ਕੀਤੀ।
ਬਲਾਚੌਰ (ਸੁਭਾਸ਼ ਜੋਸ਼ੀ): ਥਾਣਾ ਸਿਟੀ ਬਲਾਚੌਰ ਵੱਲੋਂ ਲੌਕਡਾਉੂਨ ਦੀ ਉਲੰਘਣਾ ਕਰਦਿਆਂ ਬਿਨਾਂ ਮਨਜ਼ੂਰੀ ਧਰਨਾ ਦੇਣ ਦੇ ਦੋਸ਼ ਹੇਠ ਸੀਪੀਐੱਮ ਆਗੂ ਮਹਾਂ ਸਿੰਘ ਰੌੜੀ ਸਮੇਤ 27 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 16 ਅਣਪਛਾਤੇ ਵਿਅਕਤੀ ਹਨ। ਡੀਐੱਸਪੀ ਦਵਿੰਦਰ ਸਿੰਘ ਤੇ ਐੱਸਐੱਚਓ ਅਨਵਰ ਅਲੀ ਨੇ ਦੱਸਿਆ ਕਿ ਲੌਕਡਾਉੂਨ ਦੀ ਉਲੰਘਣਾ ਕਰਨ ਤੇ ਬਿਨਾਂ ਮਨਜ਼ੂਰੀ ਦੇਣ ਦੇ ਦੋਸ਼ ਹੇਠ ਮਹਾਂ ਸਿੰਘ ਰੋੜੀ ਵੱਲੋਂ ਕਚਹਿਰੀ ਰੋਡ ’ਤੇ ਧਰਨਾ ਦਿੱਤਾ ਜਾ ਰਿਹਾ ਸੀ।