ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 24 ਮਈ
ਸਥਾਨਕ ਕਸਬੇ ਤੋਂ ਘੋੜੇਵਾਹ ਜਾਣ ਵਾਲੀ ਸੜਕ ਦੀ ਉਸਾਰੀ ਪਿਛਲੇ ਕਈ ਮਹੀਨਿਆਂ ਤੋਂ ਰੁਕੀ ਹੋਣ ਕਾਰਨ ਰਾਹਗੀਰਾਂ ਨੂੰ ਨਿੱਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਵੱਖ-ਵੱਖ ਪਿੰਡਾਂ ਦੇ ਮੋਹਤਬਰਾਂ ਨੇ ਕਿਹਾ ਕਿ ਇਸ ਸੜਕ ਦੀ ਉਸਾਰੀ ਦਾ ਕੰਮ ਪਿਛਲੀ ਸਰਕਾਰ ਮੌਕੇ ਫਰਵਰੀ ਮਹੀਨੇ ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਸੜਕ ਵਿੱਚ ਪਏ ਵੱਡੇ ਖੱਡਿਆਂ ਵਿੱਚ ਪੱਥਰ ਪਾਇਆ ਗਿਆ ਪਰ ਉਸ ਤੋਂ ਬਾਅਦ ਇਸ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ। ਜਰਨੈਲ ਸਿੰਘ ਲਾਧੂਪੁਰ, ਲਖਵਿੰਦਰ ਸਿੰਘ ਜਾਗੋਵਾਲ, ਅਧਿਕਾਰਤ ਪੰਚ ਦਲਵਿੰਦਰ ਸਿੰਘ ਜਾਗੋਵਾਲ, ਸਰਪੰਚ ਲਖਵਿੰਦਰਜੀਤ ਸਿੰਘ ਭੱਟੀਆਂ, ਰਮਨਦੀਪ ਸਿੰਘ ਭੱਟੀਆਂ ਨੇ ਕਿਹਾ ਕਿ ਸੜਕ ਉੱਤੇ ਪੱਥਰ ਉੱਖੜੇ ਹੋਣ ਕਾਰਨ 10-11 ਕਿੱਲੋਮੀਟਰ ਦਾ ਸਫ਼ਰ ਵੀ ਬਹੁਤ ਮੁਸ਼ਕਲ ਤੈਅ ਕਰਨਾ ਪੈ ਰਿਹਾ ਹੈ। ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਮਲਕੀਤ ਸਿੰਘ ਦਾਤਾਰਪੁਰ, ਸੁਖਵੰਤ ਸਿੰਘ ਸਠਿਆਲੀ, ਸਤੀਸ਼ ਆਜ਼ਾਦ ਅਤੇ ਜਸਬੀਰ ਬਾਜਵਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਸੜਕ ਦੀ ਉਸਾਰੀ ਜਲਦ ਨਾ ਕੀਤੀਤਾਂ ਉਹ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢ ਦੇਣਗੇ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਲੋਕ ਨਿਰਮਾਣ ਵਿਭਾਗ ਬਟਾਲਾ ਦੇ ਐੱਸਡੀਓ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਸੜਕ ਦੀ ਆਰਜ਼ੀ ਮੁਰੰਮਤ ਕਰਨ ਲਈ ਕੁਝ ਥਾਵਾਂ ਉੱਤੇ ਮੋਟਾ ਪੱਥਰ ਪਾਇਆ ਸੀ ਪਰ ਇਸ ਸੜਕ ਦੀ ਤਜਵੀਜ਼ ਬਣਾ ਕੇ ਭੇਜੀ ਹੋਈ ਹੈ, ਜਦੋਂ ਤੱਕ ਇਹ ਤਜਵੀਜ਼ ਪਾਸ ਨਹੀਂ ਹੁੰਦੀ ਇਸ ਸੜਕ ਦੀ ਮੁਰੰਮਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਾਅਵਾ ਕੀਤਾ ਕੇ ਉਹ ਵਿਸ਼ੇਸ਼ ਧਿਆਨ ਦੇ ਕੇ ਇਸ ਤਜਵੀਜ਼ ਨੂੰ ਜਲਦੀ ਪਾਸ ਕਰਵਾਉਣਗੇ।