ਪੱਤਰ ਪ੍ਰੇਰਕ
ਪਠਾਨਕੋਟ, 7 ਅਪਰੈਲ
ਧਾਰ ਕਲਾਂ ਵਿੱਚ ਪੈਂਦੇ ਵੱਖ-ਵੱਖ ਪਿੰਡਾਂ ਲਈ ਪੰਜਾਬ ਰੋਡਵੇਜ਼ ਦੀ ਸੁਵਿਧਾ ਨਾ ਹੋਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ। ਖੇਤਰ ਦੇ ਲੋਕਾਂ ਨੂੰ ਸੁਵਿਧਾ ਪਹੁੰਚਾਉਣ ਵਾਲੀ ਪੰਜਾਬ ਰੋਡਵੇਜ਼ ਪਠਾਨਕੋਟ ਡਿੱਪੂ ਦੀ ਪਠਾਨਕੋਟ-ਬਸੋਹਲੀ ਅਤੇ ਪਠਾਨਕੋਟ-ਬਕਲੋਹ ਬੱਸ ਸੇਵਾ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਹੈ। ਦੋਵੇਂ ਬੱਸਾਂ ਖੇਤਰ ਦੇ 20 ਤੋਂ ਜ਼ਿਆਦਾ ਪਿੰਡਾਂ ਦੇ ਲੋਕਾਂ ਨੂੰ ਪਠਾਨਕੋਟ ਆਉਣ-ਜਾਣ ਦੀ ਸਹੂਲਤ ਮੁਹੱਈਆ ਕਰਦੀਆਂ ਸਨ ਪਰ ਪਿਛਲੇ ਲੰਬੇ ਸਮੇਂ ਤੋਂ ਬੱਸਾਂ ਦੇ ਬੰਦ ਹੋਣ ਨਾਲ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ।
ਇਸ ਸਬੰਧੀ ਪਿੰਡ ਵਾਸੀਆਂ ਬਿਸ਼ਨ ਸੂਦਨ, ਜਸਬੀਰ ਸਿੰਘ ਅਤੇ ਮੰਗਲ ਸਿੰਘ ਨੇ ਦੱਸਿਆ ਕਿ ਪਠਾਨਕੋਟ ਤੋਂ ਸ਼ਾਮ 4 ਵਜੇ ਬਸੋਹਲੀ ਲਈ ਇੱਕ ਬੱਸ ਚਲਦੀ ਸੀ ਜਦਕਿ ਦੂਸਰੇ ਪਾਸੇ ਬਸੋਹਲੀ ਤੋਂ ਇੱਕ ਹੋਰ ਬੱਸ ਸਵੇਰੇ 6 ਵਜੇ ਪਠਾਨਕੋਟ ਲਈ ਚੱਲਦੀ ਸੀ ਜਿਸ ਵਿੱਚ ਦਰਬਾਨ, ਦੁਖਨਿਆਲੀ, ਦੁਨੇਰਾ, ਭਟਵਾਂ, ਕੂਈ, ਨਿਆੜੀ, ਨਲੋਹ, ਧਾਰ ਖੁਰਦ, ਧਾਰ, ਜਲਾਹੜ ਆਦਿ ਪਿੰਡਾਂ ਦੇ ਲੋਕ ਅਤੇ ਵਿਦਿਆਰਥੀ ਇਸ ਬੱਸ ਸੇਵਾ ਨਾਲ ਪਠਾਨਕੋਟ ਸਮੇਂ ’ਤੇ ਪੁੱਜ ਜਾਂਦੇ ਸਨ। ਉਨ੍ਹਾਂ ਕਿਹਾ ਕਿ ਪਠਾਨਕੋਟ-ਬਸੋਹਲੀ ਬੱਸ ਸੇਵਾ ਚੋਣਾਂ ਤੋਂ ਪਹਿਲਾਂ ਬੰਦ ਕਰ ਦਿੱਤੀ ਗਈ ਸੀ ਜਦਕਿ ਪਠਾਨਕੋਟ-ਬਕਲੋਹ ਬੱਸ ਸੇਵਾ ਨੂੰ ਕੋਵਿਡ ਦੌਰਾਨ ਹੀ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਦੋਵਾਂ ਰੂਟਾਂ ’ਤੇ ਇਨ੍ਹਾਂ ਬੱਸਾਂ ਨੂੰ ਮੁੜ ਤੋਂ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।