ਐਨਪੀ ਧਵਨ
ਪਠਾਨਕੋਟ, 16 ਅਪਰੈਲ
ਮਾਮੂਨ-ਮਾਧੋਪੁਰ 16 ਕਿਲੋਮੀਟਰ ਲੰਬਾਈ ਵਾਲੀ ਸੜਕ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ। ਇਸ ਨੂੰ ਚੌੜਾ ਕਰਨ ਲਈ 25 ਕਰੋੜ ਰੁਪਏ ਦੇ ਖ਼ਰਚ ਨਾਲ ਕੰਮ 23 ਦਸੰਬਰ 2016 ਨੂੰ ਸ਼ੁਰੂ ਕਰਵਾਇਆ ਗਿਆ ਸੀ ਪਰ 8 ਸਾਲਾਂ ਵਿੱਚ ਇਹ ਕੰਮ ਕਿਸੇ ਤਣ-ਪੱਤਣ ਨਹੀਂ ਲੱਗਿਆ। ਹੁਣ ਤਕ ਇਸ ਸੜਕ ’ਤੇ ਕਈ ਹਾਦਸੇ ਵਾਪਰ ਚੁੱਕੇ ਹਨ। ਸੜਕ ਦੀ ਮਾੜੀ ਹਾਲਤ ਤੋਂ ਅੱਕੇ ਲੋਕ ਕਈ ਵਾਰ ਧਰਨੇ ਤੇ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਦਾ ਉਦਘਾਟਨੀ ਪੱਥਰ ਤਤਕਾਲੀ ਸੰਸਦ ਮੈਂਬਰ ਮਰਹੂਮ ਵਿਨੋਦ ਖੰਨਾ ਅਤੇ ਤਤਕਾਲੀ ਡਿਪਟੀ ਸੀਐੱਮ ਦਿਨੇਸ਼ ਸਿੰਘ ਬੱਬੂ ਜੋ ਕਿ ਹੁਣ ਭਾਜਪਾ ਉਮੀਦਵਾਰ ਹਨ, ਨੇ 2016 ਵਿੱਚ ਰੱਖਿਆ ਸੀ।
ਜਾਣਕਾਰੀ ਅਨੁਸਾਰ 16 ਕਿਲੋਮੀਟਰ ਲੰਬੀ ਇਹ ਸੜਕ 7 ਤੋਂ ਵਧਾ ਕੇ 10 ਮੀਟਰ ਚੌੜੀ ਕੀਤੀ ਜਾਣੀ ਸੀ। ਆਰਮੀ ਦੇ ਟੀਸੀਪੀ ਗੇਟ ਕੋਲ ਪੈਂਦੀ ਮਾਮੂਨ ਖੱਡ ਉੱਪਰ ਬਣੇ ਪੁਲ ਨੂੰ ਚੌੜਾ ਕਰਨ ਲਈ ਪਿੱਲਰ ਤਾਂ ਬਣੇ ਹੋਏ ਸਨ ਪਰ ਉਨ੍ਹਾਂ ਉਪਰ ਸਲੈਬ ਨਹੀਂ ਪਈ ਗਈ।
ਮਾਮੂਨ ਵਪਾਰ ਮੰਡਲ ਦੇ ਸਕੱਤਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਖਸਤਾ ਹਾਲ ਸੜਕ ਕਾਰਨ ਸਾਲ 2018 ਵਿੱਚ ਉਸ ਦੇ ਮਾਪਿਆਂ ਦੀ ਮੌਤ ਹੋ ਗਈ ਸੀ। ਇੱਕ ਔਰਤ ਸੁਦੇਸ਼ ਵਾਸੀ ਮਾਮੂਨ ਨੇ ਦੱਸਿਆ ਕਿ ਸਾਲ 2020 ਇਸ ਸੜਕ ’ਤੇ ਵਾਪਰੇ ਸੜਕ ਹਾਦਸੇ ’ਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਤੇ ਉਸ ਦਾ ਚੂਲਾ ਟੁੱਟ ਗਿਆ ਸੀ।
ਮਾਮੂਨ ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਮਹਾਜਨ ਤੇ ਹੋਰ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਦੀ ਉਸਾਰੀ ਕਾਰਜ ਜਲਦੀ ਪੂਰਾ ਕੀਤਾ ਜਾਵੇ।