ਐੱਨਪੀ ਧਵਨ
ਪਠਾਨਕੋਟ, 14 ਜਨਵਰੀ
ਨਰੋਟ ਜੈਮਲ ਸਿੰਘ ਦੇ ਨਜ਼ਦੀਕ ਰਾਵੀ ਦਰਿਆ ਵਿੱਚ ਕੀੜੀ ਪੱਤਣ ’ਤੇ ਕਰੀਬ 10 ਸਾਲ ਪਹਿਲਾਂ ਪੈਨਟੂਨ ਪੁਲ ਚੁੱਕ ਲਿਆ ਗਿਆ ਸੀ, ਜੋ ਅੱਜ ਤੱਕ ਮੁੜ ਨਹੀਂ ਲਗਾਇਆ ਜਾ ਸਕਿਆ ਅਤੇ ਕਿਸ਼ਤੀ ਦੀ ਸਹਾਇਤਾ ਨਾਲ ਦਰਿਆ ਪਾਰ ਕਰਕੇ ਲੋਕ ਪਠਾਨਕੋਟ ਪੁੱਜਦੇ ਹਨ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਪੱਕੇ ਪੁਲ ਨੂੰ ਵੀ ਹੁਣ ਰਾਜ ਸਰਕਾਰ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ, ਜੋ ਕਿ ਵਿਧਾਨ ਸਭਾ ਚੋਣਾਂ ਖਤਮ ਹੋਣ ਦੇ ਬਾਅਦ ਹੀ ਸੰਭਵ ਹੈ। ਲੋਕਾਂ ਦ ਮੰਗ ਹੈ ਕਿ ਓਨੀ ਦੇਰ ਪੈਨਟੂਨ ਪੁਲ ਲਾਇਆ ਜਾਵੇ। ਅਜਿਹੇ ਵਿੱਚ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਲਈ ਹੁਣ ਬੇੜੀ ਹੀ ਮਾਤਰ ਇੱਕ ਸਹਾਰਾ ਹੈ। ਦਰਿਆ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਕਾਰਨ 10 ਸਾਲ ਪਹਿਲਾਂ ਜੋ ਪੈਨਟੂਨ ਪੁਲ ਚੁੱਕਿਆ ਗਿਆ ਸੀ, ਉਸ ਨੂੰ ਵਾਪਸ ਨਹੀਂ ਲਗਾਇਆ ਜਾ ਸਕਿਆ ਕਿਉਂਕਿ ਪੁਲ ਨੂੰ ਲਗਾਉਣ ਲਈ ਮੌਕੇ ਉਪਰ ਪੂਰੀ ਜਗ੍ਹਾ ਨਹੀਂ ਬਚੀ ਹੈ ਤੇ ਉਹ ਨਜਾਇਜ਼ ਮਾਈਨਿੰਗ ਦੀ ਭੇਟ ਚੜ੍ਹ ਚੁੱਕੀ ਹੈ। ਸੰਘਰਸ਼ ਸਮਿਤੀ ਦੇ ਆਗੂ ਬੂਟਾ ਰਾਮ, ਚਰਨਜੀਤ, ਵਿਕਰਮ ਸਿੰਘ, ਕਿਸ਼ੋਰ ਕੁਮਾਰ ਆਦਿ ਨੇ ਦੱਸਿਆ ਕਿ ਸਾਲ 2007 ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਤਤਕਾਲੀ ਵਿਧਾਇਕ ਰਹੇ ਬਿਸ਼ੰਬਰ ਦਾਸ ਵੱਲੋਂ ਇਸ ਖੇਤਰ ਦੇ ਲੋਕਾਂ ਦੀ ਮੰਗ ਤੇ ਇਥੇ ਅਸਥਾਈ ਪੁਲ (ਪੈਨਟੂਨ ਪੁਲ) ਦੀ ਸੁਵਿਧਾ ਦਿੱਤੀ ਸੀ। ਪਠਾਨਕੋਟ ਆਉਣ ਜਾਣ ਲਈ ਇਸ ਅਸਥਾਈ ਪੁਲ ਦੀ ਅਹਿਮ ਭੂਮਿਕਾ ਰਹੀ। ਇਸ ਦੇ ਰਾਹੀਂ ਖੇਤਰ ਦੇ ਦਰਜਨਾਂ ਪਿੰਡਾਂ ਦੇ ਲੋਕ ਬੜੀ ਆਸਾਨੀ ਨਾਲ ਪਠਾਨਕੋਟ ਆਇਆ ਜਾਇਆ ਕਰਦੇ ਸਨ ਪਰ ਲੋਕਾਂ ਨੂੰ ਇਹ ਸੁਵਿਧਾ ਮਾਤਰ 3-4 ਸਾਲ ਹੀ ਮਿਲ ਸਕੀ। ਇਹ ਪੂਰਾ ਇਲਾਕਾ ਦਰਿਆ ਨਾਲ ਘਿਰਿਆ ਹੋਇਆ ਹੈ।