ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 28 ਜੁਲਾਈ
ਸ਼੍ਰੋਮਣੀ ਅਕਾਲੀ ਦਲ ਮਾਨ ਦੇ ਹਲਕਾ ਮਜੀਠਾ ਦੇ ਇੰਚਾਰਜ ਭਾਈ ਕੁਲਵੰਤ ਸਿੰਘ ਕੋਟਲਾ ਦੀ ਅਗਵਾਈ ਹੇਠ ਪਿੰਡ ਕੋਟਲਾ ਗੁੱਜਰਾਂ ਵਿਚ ਪਿੰਡ ਵਾਸੀਆਂ ਵੱਲੋਂ ਰੇਲਵੇ ਵਿਭਾਗ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਭਾਈ ਕੋਟਲਾ ਨੇ ਦੱਸਿਆ ਕਿ ਪਿੰਡ ਦੇ ਕੋਲੋਂ ਲੰਘਦੀ ਰੇਲਵੇ ਲਾਈਨ ਹੇਠੋਂ ਵੱਖ ਵੱਖ ਪਿੰਡਾਂ ਨੂੰ ਜਾਣ ਲਈ ਪੁਲ ਬਣਾਇਆ ਗਿਆ ਹੈ, ਜਿਸ ਵਿੱਚ ਪੰਜ ਦਿਨ ਪਹਿਲਾਂ ਭਾਰੀ ਮੀਂਹ ਪੈਣ ਕਰਕੇ ਪਾਣੀ ਭਰ ਗਿਆ ਸੀ। ਪਿੰਡ ਵਾਸੀਆਂ ਨੇ ਰੇਲਵੇ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਪਾਣੀ ਕੱਢਣ ਲਈ ਕਈ ਵਾਰ ਬੇਨਤੀ ਕੀਤੀ ਪਰ ਰੇਲਵੇ ਵਿਭਾਗ ਜਾਂ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਵੱਲੋਂ ਇਸ ਪਾਸੇ ਧਿਆਨ ਨੇ ਦਿੱਤੇ ਜਾਣ ਕਾਰਨ ਲੋਕਾਂ ਦਾ ਇੱਥੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ। ਪਾਣੀ ਖੜ੍ਹਾ ਹੋਣ ਕਾਰਨ ਡੇਂਗੂ ਵਰਗੀਆਂ ਬਿਮਾਰੀਆਂ ਖਤਰਨਾਕ ਬਿਮਾਰੀਆਂ ਪੈਦਾ ਹੋਣ ਦਾ ਵੀ ਖਤਰਾ ਹੈ। ਉਨ੍ਹਾਂ ਰੇਲਵੇ ਵਿਭਾਗ ਤੇ ਸਰਕਾਰ ਤੋਂ ਮੰਗ ਕੀਤੀ ਕਿ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।