ਪੱਤਰ ਪ੍ਰੇਰਕ
ਤਰਨ ਤਾਰਨ, 4 ਜੁਲਾਈ
ਬੀਤੀ ਦੇਰ ਸ਼ਾਮ ਪੁਲੀਸ ਚੌਕੀ ਦੋਬੁਰਜੀ ਤੋਂ ਇੱਕ ਪੁਲੀਸ ਪਾਰਟੀ ਵੱਲੋਂ ਪਿੰਡ ਕੋਟਲੀ ਦੇ ਇੱਕ ਅਨੁਸੂਚਿਤ ਜਾਤੀ ਪਰਿਵਾਰ ਦੇ ਘਰ ਜਾ ਕੇ ਕਥਿਤ ਤੌਰ ’ਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਨ ਖਿਲਾਫ਼ ਇਲਾਕੇ ਦੇ ਲੋਕਾਂ ਨੇ ਅੱਜ ਪੁਲੀਸ ਚੌਕੀ ਸਾਹਮਣੇ ਵਿਖਾਵਾ ਕੀਤਾ ਤੇ ਇਸ ਮਾਮਲੇ ਖਿਲਾਫ਼ ਭਲਕੇ ਬੁੱਧਵਾਰ ਨੂੰ ਐੱਸਐੱਸਪੀ ਨੂੰ ਮਿਲਣ ਦਾ ਐਲਾਨ ਕੀਤਾ| ਵਿਖਾਵਾਕਾਰੀਆਂ ਦੀ ਅਗਵਾਈ ਮਜ਼ਦੂਰ ਆਗੂ ਸੁਖਦੇਵ ਸਿੰਘ ਗੋਹਲਵੜ੍ਹ ਨੇ ਕੀਤੀ ਜਦੋਂਕਿ ਇਸ ਮੌਕੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਪਰਮਜੀਤ ਸਿੰਘ, ਮਨਪ੍ਰੀਤ ਸਿੰਘ ਕੋਟਲੀ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੁਲੀਸ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਔਰਤਾਂ ਖਿਲਾਫ਼ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਝੂਠੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ| ਪਿੰਡ ਅੰਦਰ ਇੱਕ ਸਾਂਝੀ ਗਲੀ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਤਕਰਾਰ ਚੱਲ ਰਿਹਾ ਹੈ ਜਿਸ ਸਬੰਧੀ ਪੜਤਾਲ ਕਰਨ ਲਈ ਪੁਲੀਸ ਮੌਕੇ ’ਤੇ ਗਈ ਸੀ| ਇਸ ਸਬੰਧੀ ਡੀਐੱਸਪੀ ਜਸਪਾਲ ਸਿੰਘ ਨੇ ਪੁਲੀਸ ਪਾਰਟੀ ਵਲੋਂ ਕਿਸੇ ਨਾਲ ਦੁਰਵਿਵਹਾਰ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ|