ਬੇਅੰਤ ਸਿੰਘ ਸੰਧੂ/ਨਰਿੰਦਰ ਸਿੰਘ
ਪੱਟੀ/ ਭਿਖੀਵਿੰਡ, 20 ਜੂਨ
ਇਲਾਕੇ ਦੇ ਪਿੰਡ ਕੋਟਬੁੱਢਾ ਨੇੜੇ ਦਰਿਆ ’ਤੇ ਬਣੇ ਪੁਲ ਦੇ ਨੇੜੇ ਡੀਸਿਲਟ ਨੀਤੀ ਤਹਿਤ ਫ਼ਰੈਡਜ਼ ਐਂਡ ਕੰਪਨੀ ਵੱਲੋਂ ਮਾਈਨਿੰਗ ਵਿਭਾਗ ਦੀ ਮਿਲੀ ਭੁਗਤ ਨਾਲ ਕੀਤੀ ਜਾ ਰਹੀ ਨਾਜਾਇਜ਼ ਰੇਤੇ ਦੀ ਮਾਈਨਿੰਗ ਨੂੰ ਅੱਜ ਇਲਾਕੇ ਦੇ ਲੋਕਾਂ ਤੇ ਪੱਟੀ ਤੋਂ ‘ਆਪ’ ਆਗੂ ਲਾਲਜੀਤ ਸਿੰਘ ਭੁੱਲਰ ਵੱਲੋਂ ਰੋਕ ਦਿੱਤਾ ਗਿਆ। ਜਦੋਂ ਕਿ ਪਿਛਲੇ ਦਿਨੀਂ ਐੱਸਡੀਐੱਮ ਪੱਟੀ ਵੱਲੋਂ ਇਸ ਮਾਈਨਿੰਗ ਨੂੰ ਨਾਜਾਇਜ਼ ਕਰਾਰ ਦਿੱਤਾ ਗਿਆ ਸੀ। ਉਧਰ ਮਾਈਨਿੰਗ ਤੇ ਪੁਲੀਸ ਵਿਭਾਗ ਰੇਤ ਮਾਫ਼ੀਏ ਖ਼ਿਲਾਫ਼ ਕਨੂੰਨੀ ਕਾਰਵਾਈ ਕਰਨ ਦੀ ਥਾਂ ਚੁੱਪ ਸਨ। ਰੇਤ ਮਾਫ਼ੀਏ ਨੂੰ ਦਰਿਆ ਅੰਦਰੋਂ ਮਾਈਨਿੰਗ ਕਰਨ ਤੋਂ ਰੋਕਣ ਗਏ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਵੱਲੋਂ ਡੀਸਿਲਟ ਨੀਤੀ ਤਹਿਤ ਅਲਾਟਮੈਂਟ ਕੀਤੀ ਜ਼ਮੀਨ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ ਸਗੋਂ ਪਿਛਲੇ 15-20 ਦਿਨਾਂ ਤੋਂ ਇੱਕ ਜ਼ਮੀਨ ਮਾਲਕ ਦੀ ਮਿਲੀ ਭੁਗਤ ਨਾਲ ਜ਼ਮੀਨ ਅੰਦਰੋਂ ਪੁਲ ਤੋਂ ਕਰੀਬ ਛੇ-ਸੱਤ ਸੌ ਮੀਟਰ ਦੂਰੀ ’ਤੇ ਰੇਤੇ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲ ਦੇ ਨੇੜੇ ਪੈਂਦੀ ਜ਼ਮੀਨ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਅੰਦਰ ਰੇਤ ਮਾਫ਼ੀਏ ਵੱਲੋਂ ਲਗਾਏ ਗਏ ਨਾਜਾਇਜ਼ ਕੰਡੇ ਨੂੰ ਜਦੋਂ ਉਸ ਨੇ ਰੋਕਿਆ ਤਾਂ ਰੇਤ ਮਾਫ਼ੀਆ ਵੱਲੋਂ ਅੰਮ੍ਰਿਤਸਰ ਸ਼ਹਿਰ ਨਾਲ ਸਬੰਧਤ ਵਿਧਾਇਕ ਦੇ ਨਾਮ ’ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਇਸ ਮੌਕੇ ‘ਆਪ’ ਆਗੂ ਲਾਲਜੀਤ ਭੁੱਲਰ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਦਰਿਆਂ ਕਿਨਾਰੇ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਕੇ ਸਰਕਾਰੀ ਖਜ਼ਾਨੇ ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਸਬੰਧਤ ਮਾਈਨਿੰਗ ਅਫ਼ਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਰੇਤ ਮਾਫ਼ੀਏ ਤੇ ਪੁਲ ਦੇ ਨੇੜੇ ਮਾਈਨਿੰਗ ਕਰਵਾਉਣ ਲਈ ਜ਼ਮੀਨ ਦੇਣ ਵਾਲੇ ਨਿੱਜੀ ਮਾਲਕ ਖ਼ਿਲਾਫ਼ ਪਰਚਾ ਦਰਜ ਕਰਕੇ ਰੇਤ ਮਾਈਨਿੰਗ ਕਰਨ ਵਾਲੀ ਮਿਸ਼ਨਰੀ ਨੂੰ ਜ਼ਬਤ ਕੀਤਾ ਜਾਵੇ।
ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਹੋਵੇਗੀ ਕਾਰਵਾਈ: ਪੁਲੀਸ
ਇਸ ਦੌਰਾਨ ਮੌਕੇ ’ਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਅਧਿਕਾਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਮਾਈਨਿੰਗ ਵਿਭਾਗ ਤੇ ਹਲਕਾ ਪਟਵਾਰੀ ਵੱਲੋਂ ਜੇ ਇਹ ਮਾਈਨਿੰਗ ਨਾਜਾਇਜ਼ ਦਰਸਾਈ ਗਈ ਤਾਂ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਫ਼ਿਲਹਾਲ ਪੁਲੀਸ ਵੱਲੋਂ ਸਥਾਨਕ ਲੋਕਾਂ ਦੇ ਰੋਹ ਤੇ ਦਬਾਅ ਹੇਠ ਪੁਲ ਦੇ ਨੇੜੇ ਹੁੰਦੀ ਮਾਈਨਿੰਗ ਨੂੰ ਰੋਕ ਦਿੱਤਾ ਗਿਆ ਹੈ।