ਗੁਰਬਖ਼ਸ਼ਪੁਰੀ
ਤਰਨ ਤਾਰਨ, 17 ਨਵੰਬਰ
ਤਰਨ ਤਾਰਨ ਸ਼ਹਿਰ ਦੇ ਚੌਕ ਚਾਰ ਖੰਭਾ ਨੂੰ ਰੇਲਵੇ ਰੋਡ ਨਾਲ ਮਿਲਾਉਂਦੀ ਸੜਕ ਤੇ ਸਥਿਤ ਸਰਕਾਰੀ ਐਲੀਮੈਂਟਰੀ ਸੈਂਟਰ ਸਕੂਲ ਦੇ ਬਾਹਰਵਾਰ ਨਗਰ ਕੌਂਸਲ ਵਲੋਂ ਬਣਵਾਏ ਜਨਤਕ ਪਖਾਨਾ ਘਰ ਦੇ ਅੱਗੇ ਮਹੀਨਿਆਂ ਤੋਂ ਲੱਗੇ ਆ ਰਹੇ ਕੂੜੇ ਦੇ ਢੇਰਾਂ ਨੂੰ ਇਥੋਂ ਨਾ ਚੁਕਵਾਏ ਜਾਣ ਕਰਕੇ ਆਸ ਪਾਸ ਦੇ ਦੁਕਾਨਦਾਰਾਂ, ਸੜਕ ਤੇ ਆਉਣ ਜਾਣ ਵਾਲਿਆਂ, ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਆਦਿ ਨੂੰ ਪੇਸ਼ ਆ ਰਹੀ ਮੁਸ਼ਕਲ ਤੋਂ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅਨਜਾਣ ਬਣਿਆ ਬੈਠਾ ਹੈ| ਇਸ ਪਾਖਾਨਾਘਰ ਦੇ ਐਨ ਸਾਹਮਣੇ ਤਰਨ ਤਾਰਨ ਦਾ ਇਕ ਇਤਿਹਾਸਕ ਮਦਨ ਮੋਹਨ ਮੰਦਿਰ ਵੀ ਹੈ|
ਨਗਰ ਕੌਂਸਲ ਦੇ ਅਧਿਕਾਰੀਆਂ ਕਿਹਾ ਕਿ ਇਸ ਪਖਾਨਾ ਘਰ ਦੇ ਅੰਦਰ ਲੱਗੀਆਂ ਸੀਟਾਂ ਸਣੇ ਬੂਹੇ-ਬਾਰੀਆਂ ਨੂੰ ਕਈ ਸਾਲ ਪਹਿਲਾਂ ਦਾ ਚੋਰੀ ਕਰ ਲਿਆ ਗਿਆ ਹੈ| ਨਗਰ ਕੌਂਸਲ ਦੇ ਸੈਨੀਟਰੀ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਦਾ ਇਸ ਪਾਖਾਨਾ ਘਰ ਨੂੰ ਵਰਤੋਂ ਦੇ ਆਯੋਗ ਕਰਾਰ ਦਿੱਤਾ ਹੋਇਆ ਹੈ| ਇਸ ਦੇ ਬਾਵਜੂਦ ਵੀ ਲੋਕ ਇਸ ਦੀ ਵਰਤੋਂ ਲਗਾਤਾਰ ਕਰੀ ਜਾ ਰਹੇ ਹਨ| ਪਖਾਨੇ ਘਰ ਅੰਦਰ ਪਾਣੀ ਨਾ ਹੋਣ ਕਰਕੇ ਫੈਲ ਰਹੀ ਇਥੋਂ ਦੀ ਬੁਦਬੂ ਦੂਰ ਦੂਰ ਤੱਕ ਲੋਕਾਂ ਦਾ ਜਿਊਣਾ ਹਰਾਮ ਕਰ ਰਹੀ ਹੈ| ਸੈਨੇਟਰੀ ਇੰਸਪੈਕਟਰ ਸ਼ਮਸ਼ੇਰ ਸਿੰਘ ਕਿਹਾ ਕਿ ਇਹ ਸਭ ਕੁਝ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਪਹਿਲਾਂ ਤੋਂ ਹੀ ਧਿਆਨ ਵਿੱਚ ਹੈ|
ਕਰੀਬ ਇਕ ਸਾਲ ਪਹਿਲਾਂ ਇਸ ਮਾਮਲੇ ਸਬੰਧੀ ਦਿੱਤੇ ਸਪੱਸ਼ਟੀਕਰਨ ਨੂੰ ਦੁਹਰਾਉਂਦਿਆਂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਇਸ ਪਖਾਨਾ ਘਰ ਦੀ ਮੁੜ ਉਸਾਰੀ ਦਾ ਕੰਮ ਇਕ-ਦੋ ਦਿਨ ਦੇ ਅੰਦਰ ਅੰਦਰ ਸ਼ੁਰੂ ਕਰਕੇ ਇਥੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ|