ਐੱਨ ਪੀ ਧਵਨ
ਪਠਾਨਕੋਟ, 14 ਜੁਲਾਈ
ਜੰਮੂ-ਕਸ਼ਮੀਰ ਵਿੱਚ ਸਥਿਤ ਅਮਰਨਾਥ ਧਾਮ ਦੀ ਸ਼ੁਰੂ ਹੋਈ ਯਾਤਰਾ ਲਈ ਦੇਸ਼ ਭਰ ਵਿੱਚੋਂ ਯਾਤਰੀਆਂ ਦਾ ਆਉਣਾ ਲਗਾਤਾਰ ਜਾਰੀ ਹੈ। ਰਸਤੇ ਵਿੱਚ ਪੰਜਾਬ ਖੇਤਰ ਅੰਦਰ ਉਨ੍ਹਾਂ ਲਈ ਕਈ ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਨੇ ਲੰਗਰ ਲਾ ਰੱਖੇ ਹਨ ਜਦਕਿ ਮੌਸਮ ਖਰਾਬ ਹੋਣ ਦੀ ਵਜਾ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਭੋਲੇ ਸ਼ੰਕਰ ਦੇ ਦਰਸ਼ਨ ਕੀਤੇ ਬਿਨਾਂ ਹੀ ਵਾਪਸ ਪਰਤਣਾ ਪੈ ਰਿਹਾ ਹੈ। ਇਸ ਪੱਤਰਕਾਰ ਨੇ ਪਠਾਨਕੋਟ ਨਾਲ ਲੱਗਦੇ ਜੰਮੂ-ਕਸ਼ਮੀਰ ਦੀ ਹੱਦ ਅੰਦਰ ਪੈਂਦੇ ਲਖਨਪੁਰ ਦਾ ਦੌਰਾ ਕੀਤਾ ਤਾਂ ਉੱਥੇ ਵਾਪਸ ਆ ਰਹੇ ਯਾਤਰੀਆਂ ਨਾਲ ਭਰੀ ਬੱਸ ਖੜ੍ਹੀ ਨਜ਼ਰ ਆਈ। ਇਸ ਵਿੱਚ 35 ਦੇ ਕਰੀਬ ਯਾਤਰੀ ਸਵਾਰ ਸਨ। ਯਾਤਰੀਆਂ ਰਮੇਸ਼ ਪਟੇਲ, ਐੱਸਪੀ ਪਟੇਲ, ਜਤਿੰਦਰ ਚੌਹਾਨ, ਮਨੋਜ ਪਟੇਲ, ਸੁਭਾਸ਼ ਪਟੇਲ, ਨੇਹਾ ਆਦਿ ਨੇ ਦੱਸਿਆ ਕਿ ਉਹ ਸਾਲਮ ਬੱਸ ਲੈ ਕੇ ਗੁਜਰਾਤ ਦੇ ਆਨੰਦ ਸ਼ਹਿਰ ਤੋਂ ਭੋਲੇ ਸ਼ੰਕਰ ਦੇ ਦਰਸ਼ਨ ਕਰਨ ਲਈ 9 ਤਰੀਕ ਨੂੰ ਸ੍ਰੀਨਗਰ ਪੁੱਜੇ ਸਨ ਜਿੱਥੇ ਉਨ੍ਹਾਂ ਨੂੰ ਸੀਆਰਪੀਐੱਫ ਦੇ ਕੈਂਪ ਵਿੱਚ ਠਹਿਰਣ ਲਈ ਕਿਹਾ ਗਿਆ ਤੇ ਦੱਸਿਆ ਗਿਆ ਕਿ ਮੌਸਮ ਖਰਾਬ ਹੈ। ਉਹ ਉੱਥੇ ਤਿੰਨ ਦਿਨ ਰਹੇ ਤੇ ਫਿਰ ਯਾਤਰਾ ਲਈ ਬਾਲਟਾਲ ਪੁੱਜ ਗਏ ਤੇ ਉੱਥੇ ਵੀ ਉਨ੍ਹਾਂ ਨੂੰ ਮੌਸਮ ਖਰਾਬ ਹੋਣ ਕਾਰਨ ਰੋਕ ਲਿਆ ਗਿਆ ਅਤੇ ਦੋ ਦਿਨ ਰੁਕਣ ਮਗਰੋਂ ਪ੍ਰੇਸ਼ਾਨੀ ਦੇ ਆਲਮ ਬਾਅਦ ਉਨ੍ਹਾਂ ਬਿਨਾਂ ਦਰਸ਼ਨ ਕੀਤੇ ਵਾਪਸ ਜਾਣਾ ਹੀ ਬਿਹਤਰ ਸਮਝਿਆ।
ਉਨ੍ਹਾਂ ਦਾ ਕਹਿਣਾ ਸੀ ਕਿ ਉਹ ਠਹਿਰ ਤਾਂ ਹੋਰ ਵੀ ਸਕਦੇ ਸਨ ਪਰ ਉੱਥੇ ਰਹਿਣ ਅਤੇ ਖਾਣ-ਪੀਣ ਦੀ ਵਿਵਸਥਾ ਹੀ ਠੀਕ ਨਹੀਂ ਸੀ ਜਿਸ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪੈ ਰਿਹਾ ਹੈ। ਇਕੱਲਾ ਇਹੀ ਨਹੀਂ, ਜਿੱਥੇ ਬੱਸ ਦੀ ਪਾਰਕਿੰਗ ਸੀ, ਉੱਥੇ ਬੇਹੱਦ ਚਿੱਕੜ ਸੀ ਤੇ ਪਖਾਨਾ 1 ਕਿਲੋਮੀਟਰ ਦੂਰ ਸੀ। ਨਾ ਤਾਂ ਪਖਾਨਿਆਂ ’ਚ ਪਾਣੀ ਸੀ ਤੇ ਨਾ ਹੀ ਨਹਾਉਣ ਲਈ ਪਾਣੀ ਸੀ। ਅਜਿਹੀ ਮੰਦੀ ਵਿਵਸਥਾ ਨੇ ਉਨ੍ਹਾਂ ਨੂੰ ਵਾਪਸ ਪਰਤਣ ਲਈ ਮਜਬੂਰ ਕਰ ਦਿੱਤਾ। ਹੁਣ ਉਹ ਨਿਰਾਸ਼ ਹੋ ਕੇ ਵਾਪਸ ਪਰਤ ਰਹੇ ਹਨ।