ਪੱਤਰ ਪ੍ਰੇਰਕ
ਪਠਾਨਕੋਟ, 6 ਜੁਲਾਈ
ਜੰਗਲਾਤ ਵਿਭਾਗ ਪਠਾਨਕੋਟ ਵੱਲੋਂ ਮੌਨਸੂਨ ਸੀਜ਼ਨ ਵਿੱਚ ਪੌਦਿਆਂ ਦੀ ਪਲਾਂਟੇਸ਼ਨ ਆਰੰਭ ਦਿੱਤੀ ਗਈ ਹੈ। ਜਦੋਂਕਿ ਜ਼ਿਲ੍ਹੇ ਦੀਆਂ ਸਮਾਜਿਕ, ਧਾਰਮਿਕ ਸੰਸਥਾਵਾਂ, ਐੱਨੀਜੀਓਜ਼, ਸਿੱਖਿਆ ਸੰਸਥਾਵਾਂ, ਪੰਚਾਇਤਾਂ, ਆਰਮੀ, ਬੀਐੱਸਐੱਫ ਅਤੇ ਪੈਰਾਮਿਲਟਰੀ ਨੂੰ ਖਾਲੀ ਥਾਵਾਂ ’ਤੇ ਪੌਦੇ ਲਗਾਉਣ ਲਈ ਮੁਫਤ ਪੌਦੇ ਦਿੱਤੇ ਜਾ ਰਹੇ ਹਨ। ਜ਼ਿਲ੍ਹਾ ਜੰਗਲਾਤ ਅਧਿਕਾਰੀ ਧਰਮਵੀਰ ਦੈੜੂ ਨੇ ਦੱਸਿਆ ਕਿ ਮੌਨਸੂਨ ਸੀਜ਼ਨ ਵਿੱਚ ਕੁੱਲ 4 ਲੱਖ 20 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚੋਂ 1 ਲੱਖ 40 ਹਜ਼ਾਰ ਪੌਦੇ ਮਗਨਰੇਗਾ ਤਹਿਤ ਖਾਲੀ ਥਾਵਾਂ ’ਤੇ ਲਗਾਏ ਜਾਣਗੇ, ਜਦੋਂਕਿ 90 ਹਜ਼ਾਰ ਪੌਦੇ ਸਮਾਜਿਕ, ਧਾਰਮਿਕ ਤੇ ਸਿੱਖਿਆ ਸੰਸਥਾਵਾਂ, ਪੰਚਾਇਤਾਂ ਆਦਿ ਨੂੰ ਦਿੱਤੇ ਜਾਣਗੇ। ਇਸ ਦੇ ਇਲਾਵਾ 60 ਹਜ਼ਾਰ ਪੌਦੇ ਆਰਮੀ, ਬੀਐੱਸਐੱਫ ਅਤੇ ਪੈਰਾਮਿਲਟਰੀ ਨੂੰ ਦਿੱਤੇ ਜਾ ਰਹੇ ਹਨ। ਇਨ੍ਹਾਂ ਪੌਦਿਆਂ ਵਿੱਚ ਹਰੜ, ਬਹੇੜਾ, ਆਂਵਲਾ, ਸੋਨਾ ਫਲ, ਕਿੱਕੜ ਸਿੰਗੀ, ਜਾਮੁਨ, ਬਾਂਸ, ਧਰੇਗ, ਟਾਹਲੀ, ਖੈਰ, ਚਕਰੇਸ਼ੀਆ, ਅਮਰੂਦ, ਸ਼ਹਿਤੂਤ, ਪਿੱਪਲ, ਬੋਹੜ, ਅਰਜੁਨ ਆਦਿ ਦੀਆਂ ਕਿਸਮਾਂ ਸ਼ਾਮਲ ਹਨ। ਇਹ ਸਾਰੇ ਪੌਦੇ ਵਿਭਾਗ ਦੀਆਂ ਆਪਣੀਆਂ ਨਰਸਰੀਆਂ ਵਿੱਚ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਲਦੀ ਹੀ ਵਣ ਮਹਾਂਉਤਸਵ ਵੀ ਮਨਾਇਆ ਜਾਵੇਗਾ।