ਗੁਰਬਖ਼ਸਪੁਰੀ/ਨਰਿੰਦਰ ਸਿੰਘ
ਤਰਨ ਤਾਰਨ/ਭਿੱਖੀਵਿੰਡ, 28 ਜੂਨ
ਕਸਬਾ ਝਬਾਲ ਤੋਂ ਮੁਲਜ਼ਮ ਨੂੰ ਕਾਬੂ ਕਰਨ ਗਈ ਪੁਲੀਸ ਪਾਰਟੀ ਊੱਤੇ ਪਰਿਵਾਰ ਵਲੋਂ ਕੀਤੇ ਹਮਲੇ ਵਿੱਚ ਇਕ ਪੁਲੀਸ ਮੁਲਾਜ਼ਮ ਜਿਥੇ ਗੰਭੀਰ ਜ਼ਖ਼ਮੀ ਹੋ ਗਿਆ ਉਥੇ ਪਰਿਵਾਰ ਵਾਲੇ ਮੁਲਜ਼ਮ ਨੂੰ ਵੀ ਛੁਡਵਾ ਕੇ ਲੈ ਗਏ| ਇਸ ਸਬੰਧੀ ਝਬਾਲ ਪੁਲੀਸ ਨੇ ਮੁਲਜ਼ਮ ਸਮੇਤ ਪਰਿਵਾਰ ਦੇ ਸੱਤ ਮੈਂਬਰਾਂ ਖਿਲਾਫ਼ ਦਫ਼ਾ 224, 225, 186 ਆਦਿ ਧਾਰਾਵਾਂ ਅਧੀਨ ਇਕ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਵਿੱਚ ਪਰਿਵਾਰ ਦੀਆਂ ਚਾਰ ਔਰਤਾਂ ਵੀ ਸ਼ਾਮਲ ਹਨ| ਜ਼ਖ਼ਮੀ ਹੋਏ ਪੁਲੀਸ ਮੁਲਾਜ਼ਮ ਦੀ ਪਛਾਣ ਸਿਪਾਹੀ ਸਵਿੰਦਰ ਸਿੰਘ ਵਜੋਂ ਹੋਈ ਹੈ। ਨਾਮਜ਼ਦ ਮੁਲਜ਼ਮਾਂ ਵਿੱਚ ਕੁਲਵਿੰਦਰ ਸਿੰਘ, ਉਸਦੀ ਮਾਤਾ ਮਨਜੀਤ ਕੌਰ ਤੇ ਭਰਜਾਈ ਮਨਪ੍ਰੀਤ ਕੌਰ ਤੋਂ ਇਲਾਵਾ ਦੋ ਅਣਪਛਾਤੀਆਂ ਔਰਤਾਂ ਅਤੇ ਤਿੰਨ ਹੋਰ ਵਿਅਕਤੀ ਸ਼ਾਮਲ ਹਨ| ਪੁਲੀਸ ਨੇ ਅੱਜ ਇਥੇ ਦੱਸਿਆ ਕਿ ਪੁਲੀਸ ਅਧਿਕਾਰੀ ਏਐੱਸਆਈ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨਸ਼ਿਆਂ ਦੀ ਬਰਾਮਦਗੀ ਦੇ ਕੇਸ ਸਬੰਧੀ ਝਬਾਲ ਦੇ ਵਾਸੀ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਗਈ ਸੀ ਜਿਸ ਨੂੰ ਜਿਵੇਂ ਹੀ ਕਾਬੂ ਕਰ ਲਿਆ ਤਾਂ ਮੁਲਜ਼ਮ ਦੇ ਰਿਸ਼ਤੇਦਾਰਾਂ ਆਦਿ ਨੇ ਉਸ ਨੂੰ ਛੁਡਵਾਉਣ ਲਈ ਪੁਲੀਸ ਨਾਲ ਬਹਿਸ-ਮੁਬਾਹਸਾ ਸ਼ੁਰੂ ਕਰ ਦਿੱਤਾ| ਮੌਕੇ ’ਤੇ ਲੋਕਾਂ ਆਦਿ ਦੇ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਕਰਕੇ ਕੁਲਵਿੰਦਰ ਸਿੰਘ ਖ਼ੁਦ ਨੂੰ ਏਐੱਸਆਈ ਸੁਖਦੇਵ ਸਿੰਘ ਕੋਲੋਂ ਛੁਡਵਾ ਕੇ ਫ਼ਰਾਰ ਹੋਣ ਲੱਗਾ ਤਾਂ ਉਸ ਨੂੰ ਪੁਲੀਸ ਪਾਰਟੀ ਵਿੱਚ ਸ਼ਾਮਲ ਸਿਪਾਹੀ ਸਵਿੰਦਰ ਸਿੰਘ ਨੇ ਫੜ ਲਿਆ| ਮੁਲਜ਼ਮਾਂ ਨੇ ਮੌਕੇ ਤੇ ਇੱਟਾਂ-ਵੱਟੇ ਚਲਾਉਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਸਿਪਾਹੀ ਸਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਅਤੇ ਕੁਲਵਿੰਦਰ ਸਿੰਘ ਹੋਰਨਾਂ ਮੁਲਜ਼ਮਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ|