ਪੱਤਰ ਪ੍ਰੇਰਕ
ਪਠਾਨਕੋਟ, 21 ਜਨਵਰੀ
ਪਠਾਨਕੋਟ ਏਅਰਬੇਸ ਨਾਲ ਲੱਗਦੀ ਨਲਵਾ ਨਹਿਰ ਵਿੱਚ ਅੱਜ ਅਚਾਨਕ ਪੁਲੀਸ ਵੱਲੋਂ ਸ਼ੁਰੂ ਕੀਤੀ ਗਈ ਸਰਚ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਈ। ਬਾਅਦ ਵਿੱਚ ਐੱਸਪੀ ਹਰਪਾਲ ਸਿੰਘ ਨੇ ਦੱਸਿਆ ਕਿ ਅਸਲ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਥਾਣਾ ਡਿਵੀਜ਼ਨ ਨੰਬਰ-1 ਤਹਿਤ ਪੈਂਦੇ ਮੁਹੱਲਾ ਕਾਜੀਆਂ ਦੀ 9ਵੀਂ ਜਮਾਤ ਵਿੱਚ ਪੜ੍ਹਦੀ ਲੜਕੀ ਗੁੰਮ ਹੋ ਗਈ ਸੀ, ਜਿਸ ਦੇ ਬਾਰੇ ਵਿੱਚ ਉਸ ਦੇ ਪਰਿਵਾਰ ਵਾਲਿਆਂ ਨੂੰ ਖਦਸ਼ਾ ਹੈ ਕਿ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਸੀ। ਹੁਣ ਨਹਿਰ ਦਾ ਪਾਣੀ ਪਿੱਛੋਂ ਵਿਭਾਗ ਨੇ ਬੰਦ ਕੀਤਾ ਹੋਇਆ ਹੈ ਅਤੇ ਨਹਿਰ ਖਾਲੀ ਹੋਣ ਕਰ ਕੇ ਪੁਲੀਸ ਲੜਕੀ ਦੇ ਵਾਰਸਾਂ ਨੂੰ ਨਾਲ ਲੈ ਕੇ ਸਰਚ ਕਰ ਰਹੀ ਹੈ ਪਰ ਸ਼ਾਮ ਤੱਕ ਨਹਿਰ ਵਿੱਚੋਂ ਕੋਈ ਵੀ ਲਾਸ਼ ਬਰਾਮਦ ਨਹੀਂ ਹੋਈ।