ਪੱਤਰ ਪ੍ਰੇਰਕ
ਧਾਰੀਵਾਲ, 18 ਸਤੰਬਰ
ਇੱਥੋਂ ਨੇੜਲੇ ਥਾਣਾ ਤਿੱਬੜ ਦੀ ਪੁਲੀਸ ਨੇ 33 ਪੇਟੀਆਂ (ਕੁੱਲ 396 ਬੋਤਲਾਂ) ਸਣੇ ਸਕਾਰਪੀਓ ਗੱਡੀ ਫੜੀ ਹੈ ਜਦਕਿ ਗੱਡੀ ਦਾ ਡਰਾਈਵਰ ਪੁਲੀਸ ਪਾਰਟੀ ਨੂੰ ਦੇਖ ਕੇ 50 ਗਜ਼ ਪਿੱਛੇ ਹੀ ਗੱਡੀ ਖੜ੍ਹੀ ਕਰ ਕੇ ਹਨੇਰੇ ਦਾ ਫਾਇਦਾ ਚੁੱਕਦਿਆਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਨੇ ਇਸ ਮਾਮਲੇ ’ਚ ਕੇਸ ਦਰਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਥਾਣਾ ਤਿੱਬੜ ਦੀ ਮੁਖੀ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਏਐੱਸਆਈ ਪਲਵਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਗਸ਼ਤ ਦੌਰਾਨ ਘੁਰਾਲਾ ਬਾਈਪਾਸ ’ਤੇ ਪਹੁੰਚੇ ਤਾਂ ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ ਦੀ ਇਤਲਾਹ ’ਤੇ ਘੁਰਾਲਾ ਬਾਈਪਾਸ ਪੁਲੀਸ ਨੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੀਨਾਨਗਰ ਪਾਸੇ ਤੋਂ ਇੱਕ ਸਕਾਰਪੀਓ ਗੱਡੀ ਨੰਬਰ ਪੀਬੀ 35 ਏ ਈ 8122 ਆਉਂਦੀ ਦਿਖਾਈ ਦਿੱਤੀ, ਜਿਸਨੂੰ ਰੁਕਣ ਦਾ ਇਸ਼ਾਰਾ ਕਰਨ ’ਤੇ ਗੱਡੀ ਚਾਲਕ ਕਰੀਬ 50 ਗਜ਼ ਪਿੱਛੇ ਹੀ ਗੱਡੀ ਖੜ੍ਹੀ ਕਰ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਵੱਲੋਂ ਕੀਤੀ ਗਈ ਗੱਡੀ ਦੀ ਚੈਕਿੰਗ ’ਤੇ ਗੱਡੀ ਵਿੱਚੋਂ 32 ਪੇਟੀਆਂ ਸ਼ਰਾਬ ਠੇਕਾ ਮਾਰਕਾ 111 ਏ ਸੀ ਈ ਫਾਰ ਸੇਲ ਇਨ ਚੰਡੀਗੜ੍ਹ ਅਤੇ ਇੱਕ ਪੇਟੀ ਸ਼ਰਾਬ ਠੇਕਾ ਯੂਕੇ ਨੰਬਰ 1 ਵਿਸਕੀ ਫਾਰ ਸੇਲ ਇਨ ਚੰਡੀਗੜ੍ਹ (ਕੁੱਲ 396 ਬੋਤਲਾਂ) ਸ਼ਰਾਬ ਠੇਕਾ ਬਰਾਮਦ ਹੋਈਆਂ। ਥਾਣਾ ਮੁਖੀ ਅਮਨਦੀਪ ਕੌਰ ਨੇ ਦੱਸਿਆ ਪੁਲੀਸ ਨੇ ਗੱਡੀ ਦੇ ਡਰਾਈਵਰ ਜਗਜੀਤ ਸਿੰਘ ਉਰਫ ਜੱਗਾ ਵਾਸੀ ਬਹਿਲਾਦਪੁਰ ਵਿਰੁੱਧ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।