ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 7 ਜੁਲਾਈ
ਥਾਣਾ ਧਾਰੀਵਾਲ ਦੀ ਪੁਲੀਸ ਨੇ ਸੜਕ ਹਾਦਸੇ ਕਾਰਨ ਪੁਲੀਸ ਮੁਲਾਜ਼ਮ ਦੀ ਹੋਈ ਮੌਤ ਦੇ ਸਬੰਧ ਵਿੱਚ ਨਾਮਲੂਮ ਟਰੈਕਟਰ ਟਰਾਲੀ ਚਾਲਕ ਦੇ ਵਿਰੁੱਧ ਧਾਰਾ 304-ਏ ਤਹਿਤ ਕੇਸ ਦਰਜ ਕੀਤਾ ਹੈ। ਮ੍ਰਿਤਕ (ਐੱਲਆਰ /ਏਐੱਸਆਈ ਦਵਿੰਦਰ ਸਿੰਘ) ਦੀ ਪਤਨੀ ਹਰਜੀਤ ਕੌਰ ਵਾਸੀ ਬੱਬੇਹਾਲੀ ਥਾਣਾ ਤਿੱਬੜ ਨੇ ਆਪਣੇ ਬਿਆਨਾਂ ਰਾਹੀਂ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਤੀ ਐੱਲਆਰ /ਏ ਐੱਸ ਆਈ ਦਵਿੰਦਰ ਸਿੰਘ ਜੋ ਕਿ ਵਿਮੈਨ ਸੈੱਲ ਗੁਰਦਾਸਪੁਰ ਵਿੱਚ ਤਾਇਨਾਤ ਸੀ, ਜਿਸ ਦੀ ਆਰਜ਼ੀ ਤੌਰ ’ਤੇ ਥਾਣਾ ਧਾਰੀਵਾਲ ਵਿਖੇ ਡਿਊਟੀ ਲੱਗੀ ਹੋਈ ਸੀ। ਉਹ 4 ਮਈ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਧਾਰੀਵਾਲ ਤੋਂ ਵਾਪਿਸ ਘਰ ਨੂੰ ਆਉਂਦੇ ਸਮੇਂ ਜਦੋਂ ਪਿੰਡ ਜਾਪੂਵਾਲ ਨੇੜੇ ਪੁੱਜਾ ਤਾਂ ਕਿਸੇ ਨਾਮਲੂਮ ਟਰੈਕਟਰ ਟਰਾਲੀ ਚਾਲਕ ਨੇ ਆਪਣਾ ਟਰੈਕਟਰ ਗਲਤ ਸਾਈਡ ਤੋਂ ਲਿਆ ਕੇ ਉਸ ਦੇ ਮੋਟਰਸਾਈਕਲ ਵਿੱਚ ਮਾਰ ਦਿੱਤਾ। ਇਸ ਹਾਦਸੇ ਦੌਰਾਨ ਉਸਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਅਤੇ ਦੋਵੇਂ ਲੱਤਾਂ ਵੀ ਟੁੱਟ ਗਈਆਂ। ਜਿਸ ਦਾ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲਣ ਮਗਰੋਂ ਡਾਕਟਰ ਵਲੋਂ ਦਿੱਤੀ ਮੈਡੀਕਲ ਰੈਸਟ ਦੌਰਾਨ ਮੌਤ ਹੋ ਗਈ ਹੈ।
ਥਾਣਾ ਧਾਰੀਵਾਲ ਦੇ ਮੁੱਖੀ ਅਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਜੀਤ ਕੌਰ ਦੇ ਬਿਆਨਾਂ ਅਨੁਸਾਰ ਨਾਮਲੂਮ ਟਰੈਕਟਰ ਟਰਾਲੀ ਚਾਲਕ ਦੇ ਵਿਰੁੱਧ ਧਾਰਾ 304 ਏ ਤਹਿਤ ਕੇਸ ਦਰਜ ਕਰ ਲਿਆ ਹੈ।