ਜਤਿੰਦਰ ਬੈਂਸ
ਗੁਰਦਾਸਪੁਰ, 11 ਜੂਨ
ਸੀਪੀਆਈ ਐੱਮਐੱਲ ਨਿਊ ਡੈਮੋਕਰੇਸੀ ਵੱਲੋਂ 17 ਜੂਨ 1990 ਨੂੰ ਫਿਰਕੂ ਦਹਿਸ਼ਤਗਰਦਾਂ ਦੇ ਹੱਥੋਂ ਸ਼ਹੀਦ ਹੋਏ ਕਾਮਰੇਡ ਅਮਰੀਕ ਸਿੰਘ ਪਨਿਆੜ ਦੀ 34ਵੀਂ ਸ਼ਹੀਦੀ ਵਰ੍ਹੇਗੰਡ ਮੌਕੇ ਪਿੰਡ ਗਾਂਧੀ ਆਪਣੇਆੜ ’ਚ ਸਿਆਸੀ ਕਾਨਫਰੰਸ ਕੀਤੀ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਤਰਲੋਕ ਸਿੰਘ ਬਹਿਰਾਮਪੁਰ, ਸੁਖਦੇਵ ਰਾਜ ਬਹਿਰਾਮਪੁਰ, ਪਰਮਜੀਤ ਰਤਨਗੜ੍ਹ ਸ਼ਾਮਲ ਹੋਏ ਅਤੇ ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਰਾਜਕੁਮਾਰ ਪੰਡੋਰੀ ਨੇ ਨਿਭਾਈ। ਸਿਆਸੀ ਕਾਨਫਰੰਸ ਦੀ ਸ਼ੁਰੂਆਤ ਵਿੱਚ ਕਾਮਰੇਡ ਅਮਰੀਕ ਸਿੰਘ ਪਨਿਆੜ ਨੂੰ ਉਨ੍ਹਾਂ ਦੀ ਪਤਨੀ ਬੀਬੀ ਸੁਰਿੰਦਰ ਕੌਰ, ਬੇਟੇ ਵਿਕਰਮ ਸਿੰਘ ਸੀਪੀਆਈ ਐੱਮਐੱਲ ਨਿਊ ਡੈਮੋਕਰੇਸੀ ਦੇ ਸੂਬਾ ਆਗੂ ਦਰਸ਼ਨ ਖਟਕੜ, ਅਜਮੇਰ ਸਿੰਘ, ਸਤਬੀਰ ਸਿੰਘ ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਕਾਨਫਰੰਸ ਦੀ ਸ਼ੁਰੂਆਤ ਵਿੱਚ ਸਤਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਕਾਮਰੇਡ ਅਮਰੀਕ ਪਨਿਆੜ ਵਿਦਿਆਰਥੀ ਜੀਵਨ ਤੋਂ ਹੀ ਲੋਕਾਂ ਦੇ ਮੁੱਦਿਆਂ ਉੱਪਰ ਸੰਘਰਸ਼ੀਲ ਰਹੇ। ਸੂਬਾਈ ਆਗੂ ਕਾਮਰੇਡ ਦਰਸ਼ਨ ਖਟਕੜ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਇਹ ਰਿਹਾ ਹੈ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਦੇਸ਼ ਵਿਚ ਫਾਸ਼ੀਵਾਦੀ ਵਿਵਸਥਾ ਥੋਪਣ ਦੀ ਮੁਹਿੰਮ ਖਤਮ ਹੋ ਗਈ ਹੈ।