ਗੁਰਬਖਸ਼ਪੁਰੀ
ਤਰਨ ਤਾਰਨ, 29 ਨਵੰਬਰ
ਪਿੰਡ ਮਾੜੀ ਉਧੋਕੇ ਵਿੱਚ ਬਿਜਲੀ ਚੋਰੀ ਦੀ ਚੈਕਿੰਗ ਕਰਨ ਗਏ ਪਾਵਰਕੌਮ ਮੁਲਾਜ਼ਮਾਂ ’ਤੇ ਪਿੰਡ ਵਾਸੀਆਂ ਨੇ ਇੱਟਾਂ-ਵੱਟਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਵਿਰੋਧ ਜਤਾਉਣ ’ਤੇ ਖਾਲੜਾ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਖਾਲੜਾ ਉਪ ਮੰਡਲ ਅਧਿਕਾਰੀ (ਐੱਸਡੀਓ) ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਪਿੰਡ ਦੇ ਕਈ ਖਪਤਕਾਰਾਂ ਖ਼ਿਲਾਫ਼ ਬਿਜਲੀ ਚੋਰੀ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਦੇ ਆਧਾਰ ’ਤੇ ਮੁਲਾਜ਼ਮਾਂ ਦੀ ਇਕ ਟੀਮ ਨੂੰ ਅਚਨਚੇਤੀ ਚੈਕਿੰਗ ਕਰਨ ਲਈ ਭੇਜਿਆ ਗਿਆ ਸੀ।
ਅੱਜ ਜਦੋਂ ਟੀਮ ਆਪਣੀ ਕਾਰਵਾਈ ਕਰ ਰਹੀ ਸੀ ਤਾਂ ਦੋ ਭਰਾਵਾਂ ਰਿੰਕੂ, ਲਾਡੀ ਤੋਂ ਇਲਾਵਾ ਤਰਸੇਮ ਸਿੰਘ, ਡਾਕਟਰ ਬਾਦਲ ਅਤੇ 25 ਦੇ ਕਰੀਬ ਹੋਰ ਪਿੰਡ ਵਾਸੀਆਂ ਨੇ ਉਨ੍ਹਾਂ ’ਤੇ ਡਾਂਗਾਂ-ਸੋਟੀਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ’ਤੇ ਇੱਟਾਂ-ਰੋੜੇ ਵੀ ਚਲਾਏ ਗਏ। ਇਸ ਦੌਰਾਨ ਮੁਲਾਜ਼ਮਾਂ ਨੇ ਮੌਕੇ ਤੋਂ ਭੱਜ ਕੇ ਆਪਣਾ ਬਚਾਅ ਕੀਤਾ।
ਇਸ ਦੌਰਾਨ ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ (ਏਟਕ) ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੁਲੀਸ ਨੇ ਚਾਰ-ਪੰਜ ਸਾਲ ਪਹਿਲਾਂ ਅਜਿਹੀਆਂ ਵਾਰਦਾਤਾਂ ਸਬੰਧੀ ਦਰਜ ਕੀਤੇ ਕੇਸਾਂ ਸਬੰਧੀ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਦੇ ਕੇਸਾਂ ਦਾ ਤੁਰੰਤ ਨਿਪਟਾਰਾ ਕਰਵਾਉਣ ਲਈ ਮੁਲਾਜ਼ਮਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਪੁਲੀਸ ਨੇ ਕਿਹਾ ਕਿ ਇਸ ਵਾਰਦਾਤ ਸਬੰਧੀ 30 ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਧਾਰਾ 382, 353,186, 34 ਅਧੀਨ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।