ਹਰਜੀਤ ਸਿੰਘ ਪਰਮਾਰ
ਬਟਾਲਾ, 3 ਜੂਨ
ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਦੀ ਸਹੂਲਤ ਲਈ ਬਟਾਲਾ ਸ਼ਹਿਰ ਤੋਂ ਇੱਕ ਨਿਵੇਕਲਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ ਪਾਵਰਕੌਮ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਬਿਨਾਂ ਕਿਸੇ ਖੱਜਲ-ਖੁਆਰੀ ਦੇ ਤੁਰੰਤ ਨਬਿੇੜਾ ਹੋ ਸਕੇਗਾ। ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਇਸ ਪਾਇਲਟ ਪ੍ਰੋਜੈਕਟ ਦੀ ਸ਼ੁਰਆਤ ਅੱਜ ਬਟਾਲਾ ਸ਼ਹਿਰ ਵਿੱਚ ਸੁਵਿਧਾ ਕੇਂਦਰ ਦਾ ਉਦਘਾਟਨ ਕਰ ਕੇ ਕੀਤੀ ਗਈ। ਇਸ ਮੌਕੇ ਬਿਜਲੀ ਮੰਤਰੀ ਨੇ ਦੱਸਿਆ ਕਿ ਇਹ ਸੂਬੇ ਦਾ ਪਹਿਲਾ ਸੁਵਿਧਾ ਕੇਂਦਰ ਹੈ ਜਿੱਥੇ ਹੁਣ ਪਾਵਰਕੌਮ ਵੱਲੋਂ ਆਪਣੇ ਖਪਤਕਾਰਾਂ ਨੂੰ ਕਾਗਜ਼ ਰਹਿਤ ਅਤੇ ਸੰਪਰਕ ਰਹਿਤ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਕੇਂਦਰ ਵਿੱਚ ਸਹਾਇਤਾ ਬਕਸਾ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਖਪਤਕਾਰ ਆਪਣੀ ਸ਼ਿਕਾਇਤ ਲਿਖ ਕੇ ਪਾ ਸਕਦਾ ਹੈ ਜਿਸ ਦਾ ਵਿਭਾਗ ਵੱਲੋਂ ਤੁਰੰਤ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਵਰਕੌਮ ਵੱਲੋਂ ਸੁਵਿਧਾ ਕੇਂਦਰ ਵਿੱਚ ਮਿਸਡ ਕਾਲ, ਵਟਸਐਪ, ਈ-ਮੇਲ ਦੀ ਸਹੂਲਤ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖਪਤਕਾਰ ਆਪਣੇ ਸਮਾਰਟ ਫੋਨ ਰਾਹੀਂ ਕਿਊ.ਆਰ. ਕੋਡ ਸਕੈਨ ਕਰਕੇ ਵੀ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ।
ਬਿਜਲੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਵਿਧੀਆਂ ਰਾਹੀਂ ਦਰਜ ਕਰਵਾਈਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੁਵਿਧਾ ਕੇਂਦਰ ਵਿੱਚ ਸਿੰਗਲ ਵਿੰਡੋ ਸੁਵਿਧਾ ਸ਼ੁਰੂ ਕੀਤੀ ਹੈ ਜੋ ਪੰਜਾਬ ਰਾਜ ਵਿੱਚ ਪਹਿਲੀ ਵਾਰ ਕੀਤਾ ਗਿਆ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਕੇਂਦਰ ਵਿੱਚ ਐਨਰਜੀ ਆਡਿਟ, ਜੀ.ਆਈ.ਐੱਸ ਅਤੇ ਡਾਟਾ ਘੋਖਣ ਦੀ ਖਿੜਕੀ ਖੋਲ੍ਹਣ ਦੀ ਸੁਵਿਧਾ ਦੇਣ ਦੀ ਵੀ ਤਜਵੀਜ਼ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਬਟਾਲਾ ਵਿੱਚ ਸ਼ੁਰੂ ਕੀਤੇ ਇਸ ਪ੍ਰੋਜੈਕਟ ਨੂੰ ਪੂਰੇ ਪੰਜਾਬ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।
ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਨੇ ਸੁਵਿਧਾ ਕੇਂਦਰ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਬਟਾਲਾ ਸ਼ਹਿਰ ਤੋਂ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸਡੀਐੱਮ ਬਟਾਲਾ ਸ਼ਾਇਰੀ ਭੰਡਾਰੀ, ਚੀਫ ਇੰਜਨੀਅਰ ਪਾਵਰਕੌਮ ਡੀਕੇ ਸ਼ਾਰਦਾ, ਚੀਫ ਇੰਜਨੀਅਰ ਪਰਵਿੰਦਰ ਸਿੰਘ, ਚੀਫ ਇੰਜਨੀਅਰ ਬਾਰਡਰ ਜ਼ੋਨ ਬਾਲ ਕਿਸ਼ਨ, ਡਿਪਟੀ ਚੀਫ ਇੰਜਨੀਅਰ ਗੁਰਦਾਸਪੁਰ ਅਰਵਿੰਦਰਜੀਤ ਸਿੰਘ ਬੋਪਾਰਾਏ, ਡਿਪਟੀ ਚੀਫ ਇੰਜਨੀਅਰ ਜਗਜੀਤ ਸਿੰਘ, ਡਿਪਟੀ ਚੀਫ ਇੰਜਨੀਅਰ ਜਸਵੰਤ ਜਫ਼ਰ, ਡੀਆਰ ਬੰਗੜ ਅਤੇ ਐਡੀਸ਼ਨਲ ਐੱਸਈ ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ।