ਹਰਪ੍ਰੀਤ ਕੌਰ
ਹੁਸ਼ਿਆਰਪੁਰ, 25 ਅਗਸਤ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਲੌਕਡਾਊਨ ਦੇ ਸਮੇਂ ਦੌਰਾਨ ਬਿਜਲੀ ਦੇ ਬਿੱਲ ਜਮ੍ਹਾਂ ਨਾ ਕਰਾਉਣ ਕਾਰਨ ਕੁਨੈਕਸ਼ਨ ਕੱਟੇ ਜਾਣ ਤੋਂ ਖਪਤਕਾਰ ਦੁਖੀ ਹਨ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰੀਬ ਵਰਗ ਦੇ ਖਪਤਕਾਰਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਬਿਜਲੀ ਮਹਿਕਮੇ ਵੱਲੋਂ ਪੈਂਡਿੰਗ ਬਿੱਲਾਂ ਦੀ ਰਿਕਵਰੀ ’ਚ ਵੀ ਤੇਜ਼ੀ ਲੈ ਆਂਦੀ ਗਈ ਹੈ।
ਜੁਲਾਈ ਅਤੇ ਅਗਸਤ ਮਹੀਨੇ ਦੌਰਾਨ ਦੋ ਕਰੋੜ ਤੋਂ ਉੱਤੇ ਦੀ ਰਿਕਵਰੀ ਕੀਤੀ ਗਈ ਹੈ। ਇੱਕ ਪਾਸੇ ਜਿੱਥੇ ਪਾਵਰ ਕਾਰਪੋਰੇਸ਼ਨ ਵੱਲ ਸਰਕਾਰੀ ਮਹਿਕਮਿਆਂ ਦਾ 195 ਕਰੋੜ ਰੁਪਏ ਤੋਂ ਉੱਪਰ ਦਾ ਬਕਾਇਆ ਖੜ੍ਹਾ ਹੈ, ਉੱਥੇ ਨਿੱਜੀ ਖਪਤਕਾਰਾਂ ਵੱਲ 14-15 ਕਰੋੜ ਰੁਪਏ ਦਾ ਬਕਾਇਆ ਪੈਂਡਿੰਗ ਹੋਣ ਕਾਰਨ ਕਾਰਪੋਰੇਸ਼ਨ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਸਭ ਤੋਂ ਵੱਡਾ ਡਿਫ਼ਾਲਟਰ ਜਲ ਸਪਲਾਈ ਮਹਿਕਮਾ ਹੈ ਜਿਸ ਵੱਲ ਲਗਭਗ 145 ਕਰੋੜ ਰੁਪਏ ਦੀ ਅਦਾਇਗੀ ਖੜ੍ਹੀ ਹੈ। ਪੁਲੀਸ, ਸਿਹਤ ਅਤੇ ਕਈ ਹੋਰ ਵਿਭਾਗਾਂ ਦੇ ਮੋਟੇ ਬਿੱਲ ਵੀ ਪੈਂਡਿੰਗ ਪਏ ਹਨ।
ਉਪ ਮੁੱਖ ਇੰਜੀਨੀਅਰ ਪੀਐੱਸ ਖਾਂਬਾ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਜ਼ਰੂਰੀ ਸੇਵਾਵਾਂ ਦੇ ਰਹੇ ਮਹਿਕਮਿਆਂ ਦੇ ਕੁਨੈਕਸ਼ਨ ਕੱਟੇ ਨਹੀਂ ਜਾ ਸਕਦੇ। ਉਨ੍ਹਾਂ ਦੱਸਿਆ ਕਿ ਅਦਾਇਗੀਆਂ ਦਾ ਬੈਕਲਾਗ ਲਗਾਤਾਰ ਵਧ ਰਿਹਾ ਹੈ। ਖਾਂਬਾ ਨੇ ਦੱਸਿਆ ਕਿ ਜਿਹੜੇ ਉਪਭੋਗਤਾ ਬਿੱਲ ਜਮ੍ਹਾਂ ਕਰਾਉਣ ਦੀ ਸਮਰੱਥਾ ਰੱਖਦੇ ਹਨ, ਉਹ ਵੀ ਸਮੇਂ ਸਿਰ ਅਦਾਇਗੀ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਬਿਜਲੀ ਚੋਰੀ ਅਤੇ ਵਾਧੂ ਲੋਡ ਦੀ ਚੈਕਿੰਗ ਦੌਰਾਨ 1683 ਕੁਨੈਕਸ਼ਨ ਚੈੱਕ ਕੀਤੇ ਗਏ ਅਤੇ 25.72 ਲੱਖ ਰੁਪਏ ਦੀ ਰਕਮ ਵਸੂਲੀ ਗਈ।