ਪੱਤਰ ਪ੍ਰੇਰਕ
ਤਰਨ ਤਾਰਨ, 24 ਨਵੰਬਰ
ਪਾਵਰਕੌਮ ਦੇ ਅੰਦੋਲਨਕਾਰੀ ਮੁਲਾਜ਼ਮ ਆਪਣੇ ਅੰਦੋਲਨ ਦੇ 10ਵੇਂ ਦਿਨ ਵੀ ਅੱਜ ਸਮੂਹਿਕ ਛੁੱਟੀ ’ਤੇ ਰਹੇ ਅਤੇ ਅਦਾਰੇ ਦੇ ਸਰਕਲ ਦਫਤਰ ਸਾਹਮਣੇ ਧਰਨਾ ਦਿੱਤਾ| ਇਹ ਅੰਦੋਲਨ ਬਿਜਲੀ ਮੁਲਾਜ਼ਮਾਂ ਦੇ ਸਾਂਝੇ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਾਂਝੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ| ਇਸ ਮੌਕੇ ਮੁਲਾਜ਼ਮ ਆਗੂ ਮੰਗਲ ਸਿੰਘ ਨਾਗੋਕੇ, ਨਰਿੰਦਰ ਸਿੰਘ ਜੋਧਪੁਰ ਅਤੇ ਮੇਜਰ ਸਿੰਘ ਮੱਲੀਆ ਦੀ ਅਗਵਾਈ ਵਿੱਚ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਭੇਜ ਸਿੰਘ ਢਿਲੋਂ, ਧਰਮ ਸਿੰਘ ਰਿਆੜ, ਚਰਨਜੀਤ ਸਿੰਘ ਬਾਬਾ,ਚਰਨਜੀਤ ਸਿੰਘ ਖਾਲਸਾ, ਹਰਭੇਜ ਸਿੰਘ ਪੰਨੂੰ, ਅੰਗਰੇਜ਼ ਸਿੰਘ ਨੇ ਸੰਬੋਧਨ ਕੀਤਾ| ਆਗੂਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਸਲੇ ਦਾ ਨਿਪਟਾਰਾ ਕਰਨ ਦੀ ਅਪੀਲ ਕੀਤੀ।
ਸ਼ਾਹਕੋਟ(ਪੱਤਰ ਪ੍ਰੇਰਕ): ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕੌਮ ਦੇ ਟੈਕਨੀਕਲ, ਕਲੈਰੀਕਲ ਅਤੇ ਹੋਰ ਮੁਲਾਜ਼ਮਾਂ ਵੱਲੋਂ ਮੰਗਾਂ ਸਬੰਧੀ ਕੀਤੇ ਜਾ ਰਹੇ ਸੰਘਰਸ਼ ਦੀ ਲਗਾਤਾਰਤਾ ਵਿੱਚ ਅੱਜ ਸਬ ਡਿਵੀਜ਼ਨ ਢੰਡੋਵਾਲ (ਸ਼ਾਹਕੋਟ), ਮਲਸੀਆਂ, ਮਹਿਤਪੁਰ, ਲੋਹੀਆਂ ਖਾਸ, ਮੱਲੀਆਂ ਕਲਾਂ ਅਤੇ ਨਕੋਦਰ ਦੇ ਸਮੂਹਿਕ ਬਿਜਲੀ ਕਾਂਮਿਆਂ ਨੇ ਛੁੱਟੀ ਲੈ ਕੇ ਧਰਨੇ ਲਗਾਏ। ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਆਗੂ ਸੰਜੀਵ ਕੁਮਾਰ, ਰੁਪਿੰਦਰਜੀਤ ਸਿੰਘ,ਦਰਸ਼ਨ ਸਿੰਘ ਕੰਨੀਆਂ,ਹਰਮੇਸ਼ ਸਿੰਘ ਮਲਸੀਆਂ, ਜਸਵੰਤ ਰਾਏ ਅਤੇ ਐਪਲਾਈਜ਼ ਫੈਡਰੇਸ਼ਨ ਦੇ ਆਗੂ ਦੀਪਕ ਸੋਬਤੀ ਨੇ ਧਰਨੇ ਦੌਰਾਨ ਕੀਤੀ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨਜ਼ਮੈਂਟ ਅਤੇ ਸਰਕਾਰ ਵੱਲੋਂ ਧਾਰਨ ਕੀਤੇ ਅੜੀਅਲ ਵਤੀਰੇ ਕਾਰਣ ਉਹ 15 ਨਵੰਬਰ ਤੋਂ ਸੰਘਰਸ਼ ਦੇ ਮੈਦਾਨ ਵਿੱਚ ਹਨ। ਮੰਗਾਂ ਨਾ ਮੰਨੇ ਜਾਣ ਤੱਕ ਸ਼ੰਘਰਸ਼ ਹਰ ਹਾਲ ਜਾਰੀ ਰੱਖਿਆ ਜਾਵੇਗਾ।
ਪਠਾਨਕੋਟ(ਪੱਤਰ ਪ੍ਰੇਰਕ): ਡੈਮ ਪ੍ਰਾਜੈਕਟ ਅੰਦਰ ਪਾਵਰਕੌਮ ਵਿੱਚ ਕੰਮ ਕਰਦੇ ਮੁਲਾਜ਼ਮ ਫੈਡਰੇਸ਼ਨ ਪਹਿਲਵਾਨ ਸੰਗਠਨ ਅਤੇ ਟੀਐੱਸਯੂ ਵੱਲੋਂ ਜਾਇੰਟ ਫੋਰਮ ਪੰਜਾਬ ਦੇ ਆਦੇਸ਼ ਅਨੁਸਾਰ ਸ਼ਾਹਪੁਰਕੰਡੀ ਦੇ ਸਰਕਲ ਦਫਤਰ ਬਾਹਰ ਜ਼ੋਨਲ ਪ੍ਰਧਾਨ ਸੁਰਿੰਦਰ ਸਿੰਘ ਅਤੇ ਸਰਕਲ ਪ੍ਰਧਾਨ ਰਾਮ ਦਿੱਤਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੇ ਪਾਵਰਕੌਮ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰੋਸ ਮਾਰਚ ਕੱਢ ਕੇ ਆਪਣੀ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਸਕੱਤਰ ਕਪਿਲ ਦੇਵ, ਪਰਮਜੀਤ ਸਿੰਘ, ਰਵੀ ਕੁਮਾਰ, ਨਿਸ਼ਾਕਾਂਤ, ਯੁਧਵੀਰ ਸਿੰਘ, ਚਮਨਦੀਪ ਸਿੰਘ, ਠਾਕੁਰ ਦਿਲਬਾਗ ਸਿੰਘ, ਰਘਬੀਰ ਸਿੰਘ, ਲਾਲ ਪ੍ਰਤਾਪ, ਵਿਜੇ ਕੁਮਾਰ, ਸੁਭਾਸ਼ ਕੁਮਾਰ, ਡਿੰਪਲ ਕੁਮਾਰ ਆਦਿ ਹਾਜ਼ਰ ਸਨ।
ਮੁਲਾਜ਼ਮਾਂ ਨੂੰ ਮਿਲਿਆ ਕਿਸਾਨ ਜਥੇਬੰਦੀਆਂ ਦਾ ਸਾਥ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਬਿਜਲੀ ਕਾਮਿਆਂ ਦੀ ਹੜਤਾਲ ਨੂੰ ਹੁਣ ਕਿਸਾਨ ਜਥੇਬੰਦੀਆਂ ਦਾ ਸਮਰਥਨ ਮਿਲਣ ਨਾਲ ਮੁਲਾਜ਼ਮਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਹਨ। ਬਿਜਲੀ ਕਾਮਿਆਂ ਵੱਲੋਂ 66 ਕੇ ਵੀ ਸਬ ਡਿਵੀਜਨ ਕਾਹਨੂੰਵਾਨ ਅਤੇ ਭੈਣੀ ਮੀਆਂ ਖਾ ਵਿੱਚ ਜੰਮ ਕੇ ਨਾਅਰੇਬਾਜ਼ੀ ਕੀਤੀ। ਬਿਜਲੀ ਮੁਲਾਜ਼ਮਾਂ ਯੂਨੀਅਨ ਸਬ ਡਵੀਜ਼ਨ ਭੈਣੀ ਮੀਆਂ ਖਾਂ ਦੇ ਪ੍ਰਧਾਨ ਰਣਜੀਤ ਸਿੰਘ, ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਪਾਵਰਕੌਮ ਤੋਂ ਪੰਜਾਬ ਸਰਕਾਰ ਦੀ ਤਰਜ਼ ’ਤੇ ਪੇ ਬੈਂਡ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਕੈਪਟਨ ਸਮਿੰਦਰ ਸਿੰਘ,ਰਘਵੀਰ ਸਿੰਘ, ਸਲਵਿੰਦਰ ਸਿੰਘ ਰਿਆੜ, ਮਨਜੀਤ ਸਿੰਘ ਰਿਆੜ, ਗੁਰਪ੍ਰੀਤ ਨਾਨੋਵਾਲ, ਤਰਲੋਚਨ ਸਿੰਘ, ਅਮੋਲਕ ਸਿੰਘ, ਰਣਜੀਤ ਸਿੰਘ, ਰਮੇਸ਼ ਸ਼ਰਮਾ, ਜਗਦੀਸ਼ ਸਿੰਘ, ਜੇਈ ਦਵਿੰਦਰਪਾਲ ਸਿੰਘ,ਰਣਜੀਤ ਸਿੰਘ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।