ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 29 ਨਵੰਬਰ
ਪੰਜਾਬ ਐਂਡ ਸਿੰਧ ਬੈਂਕ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਬੈਂਕ ਵੱਲੋਂ ਹਾਲ ਬਾਜ਼ਾਰ ਜ਼ੋਨਲ ਦਫ਼ਤਰ ਦੇ ਬਾਹਰ ਖ਼ਾਲਸਾ ਕਾਲਜ ਤੋਂ ਆਈ ਸੰਗਤ ਦਾ ਸਵਾਗਤ ਕੀਤਾ ਗਿਆ ਅਤੇ ਪਾਣੀ ਤੇ ਪ੍ਰਸ਼ਾਦ ਦੀ ਸੇਵਾ ਬੈਂਕ ਮੁਲਾਜ਼ਮਾਂ ਅਤੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਕੀਤੀ ਗਈ। ਜ਼ੋਨਲ ਮੈਨੇਜਰ ਕਰਮਜੀਤ ਸਿੰਘ, ਏਜੀ ਐੱਮਸ ਅੰਮ੍ਰਿਤਪਾਲ ਸਿੰਘ ਅਤੇ ਚੀਫ਼ ਮੈਨੇਜਰ ਅਮਨਦੀਪ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਪਹਿਲੀ ਪਾਤਸ਼ਾਹੀ ਦੀ ਸਵਾਰੀ ਨਾਲ ਆਏ ਪੰਜ ਪਿਆਰਿਆਂ ਨੂੰ ਸਰੋਪਿਆਂ ਨਾਲ ਸਨਮਾਨਿਤ ਕੀਤਾ ।
ਫਗਵਾੜਾ (ਜਸਵੀਰ ਸਿੰਘ ਚਾਨਾ): ਗੁਰੂ ਨਾਨਕ ਦੇਵ ਦੇ 551ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਇੱਕ ਵਿਸ਼ਾਲ ਪ੍ਰਭਾਤ ਫੇਰੀ ਨਗਰ ਕੀਰਤਨ ਦੇ ਰੂਪ ’ਚ ਅੱਜ ਸਵੇਰੇ ਪੰਜ ਪਿਆਰਿਆਂ ਦੀ ਅਗਵਾਈ ’ਚ ਕੱਢੀ ਗਈ ਜੋ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਸ਼ੁਰੂ ਹੋ ਕੇ ਮੇਹਲੀ ਗੇਟ, ਖਲਵਾੜਾ ਗੇਟ, ਡੱਡਲ ਮੁਹੱਲਾ, ਨਿੰਮਾ ਚੌਕ, ਰਾਮਗੜ੍ਹੀਆਂ ਗੁਰਦੁਆਰਾ ਰੋਡ, ਗਊਸ਼ਾਲਾ ਰੋਡ, ਸਰਾਏ ਰੋਡ, ਬੰਗਾ ਰੋਡ, ਬਾਂਸਾ ਬਾਜ਼ਾਰ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਪੁੱਜੀ। ਥਾਣਾ ਸਿਟੀ ਅੱਗੇ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਇਸੇ ਤਰ੍ਹਾਂ ਪਿੰਡ ਆਠੋਲੀ ਵਿੱਚ ਗੁਰਦੁਆਰਾ ਭਾਈ ਦੇਸੂ ਜੀ ਤੋਂ ਪਿੰਡ ’ਚ ਨਗਰ ਕੀਰਤਨ ਸਜਾਇਆ ਗਿਆ। ਇਸੇ ਤਰ੍ਰਾਂ ਗੁਰਦੁਆਰਾ ਰਾਮਗੜ੍ਹੀਆਂ ਵਿੱਚ ਸਮਾਗਮ ਕਰਵਾਇਆ ਗਿਆ।
ਪਠਾਨਕੋਟ (ਐੱਨਪੀ ਧਵਨ): 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਕਿਰਨ ਸ਼ਰਮਾ ਦੀ ਰਿਹਾਇਸ਼ ’ਤੇ ਕਰਵਾਇਆ ਗਿਆ। ਭਾਈ ਸੁਲੱਖਣ ਸਿੰਘ ਅਤੇ ਭਾਈ ਸਿਕੰਦਰ ਸਿੰਘ ਰਾਣੀਪੁਰ ਦੇ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।