ਪੱਤਰ ਪ੍ਰੇਰਕ
ਰਈਆ, 23 ਸਤੰਬਰ
ਇਥੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਤਹਿਸੀਲ ਬਾਬਾ ਬਕਾਲਾ ਦੀ ਮੀਟਿੰਗ ਸਥਾਨਕ ਨਹਿਰੀ ਵਿਸ਼ਰਾਮ ਘਰ ਵਿੱਚ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ 25 ਸਤੰਬਰ ਨੂੰ ਅਨੰਦਪੁਰ ਸਾਹਿਬ ਵਿੱਚ ਹੋਣ ਵਾਲੀ ਸੂਬਾ ਪੱਧਰੀ ਇਨਸਾਫ਼ ਰੈਲੀ ਦੀਆਂ ਤਿਆਰੀਆਂ ਅਤੇ ਅਧਿਆਪਕਾਂ ਦੀ ਲਾਮਬੰਦੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਸ਼ਾਮਲ ਡੀਐੱਮਐੱਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਕਿਹਾ ਕਿ ਓਡੀਐੱਲ ਅਧਿਆਪਕਾਂ ਦੇ ਹੱਕ ਵਿੱਚ ਅਦਾਲਤੀ ਫ਼ੈਸਲਾ ਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਗਈਆਂ। ਇਸੇ ਤਰ੍ਹਾਂ 2016 ਵਿੱਚ ਭਰਤੀ ਕੀਤੇ ਗਏ 180 ਈਟੀਟੀ ਅਧਿਆਪਕਾਂ ਨੂੰ ਪਿਛਲੇ 6 ਸਾਲ ਤੋਂ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਇਨ੍ਹਾਂ ਨੂੰ ਪੰਜਾਬ ਦੇ ਤਨਖ਼ਾਹ ਸਕੇਲ ਦੇਣ ਦੀ ਬਜਾਏ ਕੇਂਦਰ ਦੇ ਤਨਖ਼ਾਹ ਸਕੇਲਾਂ ਨਾਲ ਨੂੜ ਦਿੱਤਾ ਗਿਆ ਹੈ। ਇਨ੍ਹਾਂ ਦੋਹਾਂ ਵਰਗਾਂ ਦੇ 300 ਅਧਿਆਪਕਾਂ ਨੂੰ ਇਨਸਾਫ਼ ਦਿਵਾਉਣ ਲਈ 25 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਹਲਕਾ ਅਨੰਦਪੁਰ ਸਾਹਿਬ ਵਿੱਚ ਇਨਸਾਫ਼ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਤਹਿਸੀਲ ਬਾਬਾ ਬਕਾਲਾ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਹੋਣਗੇ। ਇਸ ਮੌਕੇ ਵਿਪਨ ਰਿਖੀ, ਕੇਵਲ ਸਿੰਘ ਲੋਹਗੜ੍ਹ, ਰਾਕੇਸ਼ ਕੁਮਾਰ ਰਈਆ, ਮਨਪ੍ਰੀਤ ਸਿੰਘ ਰਈਆ, ਸੁਖਜਿੰਦਰ ਸਿੰਘ ਰਈਆ ਅਤੇ ਦਿਲਬਾਗ ਸਿੰਘ ਪੱਡਾ ਆਦਿ ਆਗੂ ਵੀ ਹਾਜ਼ਰ ਸਨ।