ਪੱਤਰ ਪ੍ਰੇਰਕ
ਪਠਾਨਕੋਟ, 9 ਅਗਸਤ
ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੇ ਅੱਜ ਸਵੇਰੇ ਅਚਾਨਕ ਸ਼ਾਹਪੁਰਕੰਡੀ ਡੈਮ ਅਤੇ ਮੁੱਖ ਇੰਜਨੀਅਰ ਦਫਤਰ ’ਚ ਪੁੱਜਣ ’ਤੇ ਡੈਮ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਕ੍ਰਿਸ਼ਨ ਕੁਮਾਰ ਨੇ ਮੁੱਖ ਇੰਜਨੀਅਰ ਦਫਤਰ ਵਿੱਚ ਸਵੇਰੇ 9 ਵਜੇ ਪੁੱਜਦੇ ਸਾਰ ਹੀ ਉੱਥੇ ਮੁਲਾਜ਼ਮ ਦੀ ਹਾਜ਼ਰੀ ਚੈੱਕ ਕੀਤੀ। ਉਨ੍ਹਾਂ ਸਿਰਫ ਇੱਕ ਅਧਿਕਾਰੀ ਨੂੰ ਨਾਲ ਲੈ ਕੇ ਦਫਤਰ ਵਿੱਚ ਹਰੇਕ ਮੁਲਾਜ਼ਮ ਦੀ ਸੀਟ ਦਾ ਨਿਰੀਖਣ ਕੀਤਾ ਅਤੇ ਉੱਥੇ ਮੁਲਾਜ਼ਮ ਵੱਲੋਂ ਕੀਤੇ ਜਾ ਰਹੇ ਕੰਮ ਬਾਰੇ ਜਾਣਕਾਰੀ ਹਾਸਲ ਕੀਤੀ। ਬਾਅਦ ਵਿੱਚ ਉਹ ਨਿਰਮਾਣ ਅਧੀਨ ਸ਼ਾਹਪੁਰਕੰਡੀ ਡੈਮ ’ਤੇ ਚੱਲ ਰਹੇ ਪਾਵਰ ਹਾਊਸਾਂ ਦੇ ਨਿਰਮਾਣ ਕੰਮ ’ਤੇ ਪੁੱਜੇ ਅਤੇ ਉੱਥੇ ਪੂਰੀ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨਿਰਮਾਣ ਕਾਰਜ ਨੂੰ ਹੋਰ ਤੇਜ਼ੀ ਨਾਲ ਕਰਨ ਲਈ ਆਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਹੀ ਜਲ ਸਰੋਤ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਦੌਰੇ ਦੌਰਾਨ ਪਾਵਰ ਹਾਊਸਾਂ ’ਤੇ ਚੱਲ ਰਹੇ ਨਿਰਮਾਣ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਜ਼ਿਲ੍ਹਾ ਪਠਾਨਕੋਟ ਦੇ ਮਾਈਨਿੰਗ ਵਾਲੇ ਖੇਤਰ ਬੇਹੜੀਆਂ ਅਤੇ ਹੋਰ ਸਥਾਨਾਂ ਦਾ ਨਿਰੀਖਣ ਕਰਨ ਲਈ ਰਵਾਨਾ ਹੋ ਗਏ। ਡੈਮ ਦੇ ਅਚਾਨਕ ਦੌਰੇ ਬਾਰੇ ਜਦੋਂ ਜਨਰਲ ਮੈਨੇਜਰ ਐੱਸਕੇ ਸਲੂਜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸਕੱਤਰ ਨੇ ਅਚਾਨਕ ਦੌਰਾ ਕੀਤਾ ਹੈ ਅਤੇ ਹੁਣ ਉਨ੍ਹਾਂ ਵੱਲੋਂ ਜੋ ਵੀ ਨਿਰੀਖਣ ਕੀਤਾ ਗਿਆ ਹੈ, ਉਹ ਉਸ ਦੀ ਪੂਰੀ ਰਿਪੋਰਟ ਚੰਡੀਗੜ੍ਹ ਭੇਜਣਗੇ।