ਗੁਰਬਖਸ਼ਪੁਰੀ
ਤਰਨ ਤਾਰਨ, 14 ਮਈ
ਇਲਾਕੇ ਦੇ ਕਸਬਾ ਨੌਸ਼ਹਿਰਾ ਪੰਨੂਆਂ ਦੀ ਦਾਣਾ ਮੰਡੀ ਵਿੱਚ ਕਥਿਤ ਮਾੜੇ ਪ੍ਰਬੰਧਾਂ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਮੰਗ ਕੀਤੀ ਜਾ ਰਹੀ ਹੈ ਕਿ ਮੰਡੀ ਵਿੱਚ ਤਕਨੀਕੀ ਖਾਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ| ਕਿਸਾਨਾਂ ਅਤੇ ਆੜ੍ਹਤੀਆਂ ਨੇ ਅੱਜ ਇਥੇ ਦੱਸਿਆ ਪੰਜਾਬ ਮੰਡੀ ਬੋਰਡ ਨੇ ਇਸ ਦਾਣਾ ਮੰਡੀ ਵਿੱਚ ਸ਼ੈੱਡ ਬਨਾਉਣ ਤੇ ਹੋਰਨਾਂ ਕੰਮਾਂ ਲਈ ਗਰਾਂਟ ਜਾਰੀ ਕੀਤੀ ਸੀ। ਦੋ ਸਾਲ ਪਹਿਲਾਂ ਇਸ ਸ਼ੈੱਡ ਦੀ ਉਸਾਰੀ ਅਤੇ ਹੋਰ ਕੰਮ ਸ਼ੁਰੂ ਕੀਤੇ ਗਏ ਸਨ ਪਰ ਇਹ ਕੰਮ ਵਿਚਾਲੇ ਹੀ ਲਟਕੇ ਪਏ ਹਨ| ਇਕ ਸਾਲ ਤੋਂ ਸ਼ੈੱਡ ਦੇ ਉੱਤੇ ਪਾਈਆਂ ਜਾਣ ਵਾਲੀਆਂ ਲੋਹੇ ਦੀਆਂ ਚਾਦਰਾਂ ਨਾ ਪਾਏ ਜਾਣ ਕਰਕੇ ਇਸ ਵਾਰ ਕਣਕ ਦੀ ਸੰਭਾਲ ਨਹੀਂ ਕੀਤੀ ਜਾ ਸਕੀ|
ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਮੰਡੀ ਪ੍ਰਧਾਨ ਬਲਵੰਤ ਸਿੰਘ ਪਨੂੰ ਨੇ ਦੱਸਿਆ ਕਿ ਮੰਡੀ ਵਿੱਚ ਨਵੇਂ ਫੜ੍ਹ ਬਣਾਉਣ ਵੇਲੇ ਮੰਡੀ ਦੀਆਂ ਸੜਕਾਂ ਦੀ ਮਿੱਟੀ ਹੀ ਫੜ੍ਹ ਬਨਾਉਣ ਲਈ ਵਰਤੀ ਗਈ ਜਿਸ ਕਾਰਨ ਮੰਡੀ ਦੀਆਂ ਸੜਕਾਂ, ਨੇੜਿਓਂ ਲੰਘਦੀ ਮੁੱਖ ਸੜਕ ਤੋਂ ਨੀਵੀਂਆਂ ਰਹਿ ਗਈਆਂ ਹਨ| ਇਸ ਕਾਰਨ ਮੀਂਹ ਦਾ ਪਾਣੀ ਮੰਡੀ ਵਿੱਚ ਆ ਗਿਆ ਤੇ ਕਈ ਕਿਸਾਨਾਂ ਦੀ ਕਣਕ ਖਰਾਬ ਹੋ ਗਈ| ਭੱਠਲ ਭਾਈਕੇ ਦੇ ਕਿਸਾਨ ਮਹਿਲ ਸਿੰਘ ਨੇ ਦੱਸਿਆ ਕਿ ਮੀਂਹ ਦੇ ਪਾਣੀ ਕਾਰਨ ਉਸ ਦੀਆਂ ਕਣਕ ਦੀਆਂ 70 ਬੋਰੀਆਂ ਖਰਾਬ ਹੋ ਗਈਆਂ| ਇਵੇਂ ਹੀ ਦਦੇਹਰ ਸਾਹਿਬ ਦੇ ਕਿਸਾਨ ਅਮਰਜੀਤ ਸਿੰਘ ਦੀਆਂ 150 ਬੋਰੀਆਂ ਤੇ ਚੌਧਰੀਵਾਲਾ ਦੇ ਕਿਸਾਨ ਹਰਭਜਨ ਸਿੰਘ ਅਤੇ ਕਿਸ਼ਨਗੜ੍ਹ ਦੇ ਕਿਸਾਨ ਗੁਰਸਾਹਿਬ ਸਿੰਘ ਦੀਆਂ 50-50 ਬੋਰੀਆਂ ਕਣਕ ਖਰਾਬ ਹੋਈ ਹੈ| ਕਿਸਾਨਾਂ ਅਤੇ ਆੜ੍ਹਤੀਆਂ ਨੇ ਮੰਗ ਕੀਤੀ ਹੈ ਕਿ ਮੰਡੀ ਦੇ ਸ਼ੈੱਡ ਦਾ ਕੰਮ ਜਲਦ ਮੁਕੰਮਲ ਹੋਵੇ| ਮੰਡੀ ਦੀਆਂ ਨੀਵੀਆਂ ਰਹਿ ਗਈਆਂ ਸੜਕਾਂ ਉੱਚੀਆਂ ਕੀਤੀਆਂ ਜਾਣ।
35 ਫੀਸਦ ਕਣਕ ਲਿਫਟਿੰਗ ਦੀ ਉਡੀਕ ਵਿੱਚ
ਮਾਰਕੀਟ ਕਮੇਟੀ ਅਧੀਨ ਨੌਸ਼ਹਿਰਾ ਪੰਨੂੰਆਂ ਤੋਂ ਇਲਾਵਾ ਢੋਟੀਆਂ, ਸਰਹਾਲੀ ਕਲਾਂ, ਬ੍ਰਹਮਪੁਰਾ, ਮੁੰਡਾ ਪਿੰਡ, ਕੈਰੋਂ, ਚੋਹਲਾ ਸਾਹਿਬ ਆਦਿ ਤੋਂ 35 ਫੀਸਦ ਕਣਕ ਦੀ ਲਿਫਟਿੰਗ ਦਾ ਕੰਮ ਅਜੇ ਤੱਕ ਵੀ ਨਹੀਂ ਕੀਤਾ ਜਾ ਸਕਿਆ| ਮਾਰਕੀਟ ਕਮੇਟੀ ਦੇ ਸਕੱਤਰ ਰਾਜਪਾਲ ਸਿੰਘ ਨੇ ਕਿਹਾ ਕਿ ਬਕਾਇਆ ਕਣਕ ਦੀ ਲਿਫਟਿੰਗ ਛੇਤੀ ਕਰ ਲਈ ਜਾਵੇਗੀ|