ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 19 ਜੂਨ
ਕਸਬਾ ਫਤਿਆਬਾਦ ਵਿਚ ਸ਼ਰਾਬ ਠੇਕੇਦਾਰਾਂ ਵੱਲੋ ਐਕਸਾਈਜ਼ ਵਿਭਾਗ ਦੀਆਂ ਹਦਾਇਤਾਂ ਨੂੰ ਛਿੱਕੇ ਟੰਗਦੇ ਹੋਏ ਗੱਡੀ ਉੱਪਰ ਲਾਊਡ ਸਪੀਕਰ ਲਗਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ’ਤੇ ਸਸਤੀ ਸ਼ਰਾਬ ਵੇਚਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਸ਼ਰਾਬ ਠੇਕੇਦਾਰਾਂ ਵੱਲੋ ਮੁੱਖ ਮੰਤਰੀ ਦੇ ਨਾਂ ’ਤੇ ਦਿੱਤੇ ਜਾ ਰਹੇ ਹੋਕੇ ’ਤੇ ਸਥਾਨਕ ਵਾਸੀ ਤਨਜ਼ ਕਸ ਰਹੇ ਹਨ। ਲਾਊਡ ਸਪੀਕਰ ਰਾਹੀਂ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਨੇ 40 ਰੁਪਏ ਦਾ ਪਊਆ ਅਤੇ 150 ਰੁਪਏ ਦੀ ਬੋਤਲ ਕਰ ਦਿੱਤੀ ਹੈ। ਠੇਕੇਦਾਰਾਂ ਵੱਲੋਂ ਸਸਤੀ ਸ਼ਰਾਬ ਦੇ ਨਵੇਂ ਰੇਟ ਵੀ ਦੱਸੇ ਜਾ ਰਹੇ ਹਨ। ਅੱਜ ਸਾਰਾ ਦਿਨ ਪੁਲੀਸ ਪ੍ਰਸ਼ਾਸਨ ਅਤੇ ਐਕਸਾਈਜ਼ ਵਿਭਾਗ ਦੀਆਂ ਨਜ਼ਰਾਂ ਸਾਹਮਣੇ ਸਰਕਲ ਫਤਿਆਬਾਦ ਦੇ ਸ਼ਰਾਬ ਠੇਕੇਦਾਰ ਭਗਵੰਤ ਮਾਨ ਦੇ ਨਾਂ ਹੇਠ ਸਸਤੀ ਸ਼ਰਾਬ ਦਾ ਹੋਕਾ ਦਿੰਦੇ ਦਿਖਾਈ ਦਿੱਤੇ ਪਰ ਕਿਸੇ ਅਧਕਾਰੀ ਵੱਲੋਂ ਕਾਰਵਾਈ ਕਰਨਾ ਜ਼ਰੂਰੀ ਨਹੀਂ ਸਮਝਿਆ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਕਲ ਗੋਇੰਦਵਾਲ ਸਾਹਿਬ ਦੇ ਸ਼ਰਾਬ ਠੇਕੇਦਾਰ ਵੱਲੋਂ ਨਾਬਾਲਿਗ ਬੱਚਿਆਂ ਨੂੰ ਸ਼ਰਾਬ ਵੇਚਣ ਦਾ ਮਾਮਲਾ ਐਕਸਾਈਜ਼ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਉਕਤ ਮਾਮਲੇ ਵਿੱਚ ਵੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ਼ਰਾਬ ਠੇਕੇਦਾਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਡਿਪਟੀ ਕਮਿਸ਼ਨਰ ਤਰਨ ਤਾਰਨ ਮੁਨੀਸ਼ ਕੁਮਾਰ ਨੇ ਕਿਹਾ ਕਿ ਅਕਸਾਈਜ਼ ਵਿਭਾਗ ਦੇ ਅਧਿਕਾਰੀਆਂ ਕੋਲੋਂ ਮਾਮਲੇ ਵਿੱਚ ਰਿਪੋਰਟ ਤਲਬ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।