ਜਸਬੀਰ ਚਾਨਾ
ਫਗਵਾੜਾ, 18 ਜਨਵਰੀ
ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਦਾ ਇਥੋਂ ਦੇ ਆਗੂਆ ਨੇ ਨਿੱਘਾ ਸੁਆਗਤ ਕੀਤਾ ਤੇ ਪਾਰਟੀ ਦਫ਼ਤਰ ਦੇ ਬਾਹਰ ਢੋਲ ਵਜਾ ਕੇ ਭੰਗੜੇ ਪਾਏ ਤੇ ਲੱਡੂ ਵੰਡੇ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਦਾ ਮਾਣ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਲੋਕਾਂ ਦੇ ਮਨ ਦੀ ਗੱਲ ਕੀਤੀ ਹੈ। ਇਸ ਮੌਕੇ ਸ਼ਾਮਲ ਆਗੂਆਂ ’ਚ ਐਡਵੋਕੇਟ ਕੁਲਦੀਪ ਸਿੰਘ ਮੱਲ੍ਹੀ, ਨਿਰਮਲ ਸਿੰਘ ਮਾਸਟਰ, ਸੰਤੋਸ਼ ਗੋਗੀ, ਹਰਜਿੰਦਰ ਸਿੰਘ ਵਿਰਕ, ਮੈਡਮ ਲਲਿਤ, ਡਾ. ਜਤਿੰਦਰ ਸਿੰਘ ਪਰਹਾਰ, ਤਵਿੰਦਰ ਸਿੰਘ ਜਿਲ੍ਹਾ ਯੂਥ ਪ੍ਰਧਾਨ, ਕਰਮਜੀਤ ਭੁੱਲਾਰਾਈ, ਯੁਧਵੀਰ ਸਮੇਤ ਕਈ ਵਰਕਰ ਸ਼ਾਮਲ ਸਨ। ਬਟਾਲਾ(ਦਲਬੀਰ ਸੱਖੋਵਾਲੀਆ): ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਉਮੀਦਵਾਰ ਸ਼ੈਰੀ ਕਲਸੀ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪਾਰਟੀ ਵੱਲੋਂ ਰਸਮੀ ਤੌਰ ’ਤੇ ਮੁੱਖ ਮੰਤਰੀ ਲਈ ਭਗਵੰਤ ਮਾਨ ਦਾ ਚਿਹਰਾ ਐਲਾਨਣਾ ਪੰਜਾਬ ਲਈ ਸ਼ੁਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖ਼ੁਸ਼ਹਾਲੀ ਅਤੇ ਤਰੱਕੀ ਲਈ ਸ਼੍ਰੀ ਮਾਨ ਭਰਪੂਰ ਯੋਗਦਾਨ ਪਾਉਣਗੇ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਦਫ਼ਤਰ ਵਿੱਚ ਲੱਡੂ ਵੰਡੇ।
ਤਰਨ ਤਾਰਨ (ਗੁਰਬਖਸ਼ਪੁਰੀ): ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਪੇਸ਼ ਕਰਨ ਦਾ ਪਾਰਟੀ ਦੇ ਇਸ ਹਲਕੇ ਦੇ ਉਮੀਦਵਾਰ ਡਾ.ਕਸ਼ਮੀਰ ਸਿੰਘ ਸੋਹਲ ਨੇ ਸਵਾਗਤ ਕੀਤਾ ਹੈ| । ਡਾ.ਸੋਹਲ ਵਲੋਂ ਇਸ ਮੌਕੇ ਆਪਣੇ ਸਾਥੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਇਸ ਮੌਕੇ ਪਾਰਟੀ ਵਰਕਰ ਪ੍ਰਿੰਸੀਪਲ ਜਤਿੰਦਰ ਕੌਰ, ਹਰਮੀਤ ਕੌਰ, ਯਾਦਵਿੰਦਰ ਸਿੰਘ, ਤੇਜਿੰਦਰ ਹੈਰੀ, ਪਵਨ ਸ਼ਰਮਾ, ਅਮਰੀਕ ਸਿੰਘ ਜੇ.ਈ ਆਦਿ ਹਾਜ਼ਰ ਹੋਏ|
‘ਪੰਜਾਬ ’ਚ ਆਪ ਦੀ ਸਰਕਾਰ ਬਣਨੀ ਤੈਅ’
ਸ਼ਾਹਕੋਟ(ਗੁਰਮੀਤ ਖੋਸਲਾ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਪੰਜਾਬੀਆਂ ਦੀ ਲੋਕ ਅਵਾਜ਼ ਬਣਨ ਵਾਲੇ ਲੋੜੀਦੇ ਮੁੱਖ ਮੰਤਰੀ ਦੀ ਖਾਹਿਸ਼ ਪੂਰੀ ਕਰ ਦਿੱਤੀ ਹੈ। ਇਹ ਪ੍ਰਗਟਾਵਾ ਸ਼ਾਹਕੋਟ ਤੋਂ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੇ ਸਥਾਨਕ ਪਾਰਟੀ ਦਫਤਰ ਵਿਚ ਵਰਕਰਾਂ ਨਾਲ ਲੱਡੂ ਵੰਡਣ ਸਮੇਂ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਨੂੰ ਕੋਈ ਰੋਕ ਸਕਦਾ। ਲੱਡੂ ਵੰਡਣ ਸਮੇਂ ਬਲਜਿੰਦਰ ਸਿੰਘ ਖਿੰਡਾ, ਰੂਪ ਲਾਲ ਸ਼ਰਮਾ, ਕੁਲਦੀਪ ਸਿੰਘ ਦੀਦ, ਮਨੋਜ, ਨਵਨੀਤ, ਗੁਰਇਕਬਾਲ ਸਿੰਘ, ਸੁਨੀਲ ਕੁਮਾਰ ਅਤੇ ਰਣਜੀਤ ਸਿੰਘ ਆਦਿ ਮੌਜੂਦ ਸਨ। ਉਮੀਦਵਾਰ ਦੀ ਪਤਨੀ ਰਣਜੀਤ ਕੌਰ ਨੇ ਪਿੰਡ ਕਾਕੜ ਕਲਾਂ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਸੂਬੇ ਵਿਚ ਆਪ ਦੀ ਸਰਕਾਰ ਬਣਾਓ।