ਹਰਜੀਤ ਸਿੰਘ ਪਰਮਾਰ
ਬਟਾਲਾ, 23 ਦਸੰਬਰ
ਬਟਾਲਾ ਪੁਲੀਸ ਨੇ ਇੱਕ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ ਮਾਰੇ ਛਾਪੇ ਦੌਰਾਨ 3 ਲੜਕੀਆਂ ਸਣੇ 8 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਮੁਹੱਲਾ ਪ੍ਰੇਮ ਨਗਰ ਵਿੱਚ ਇੱਕ ਔਰਤ ਦੇਹ ਵਪਾਰ ਦੇ ਇਸ ਧੰਦੇ ਨੂੰ ਆਪਣੇ ਘਰ ਵਿੱਚ ਹੀ ਚਲਾ ਰਹੀ ਸੀ। ਥਾਣਾ ਸਿਵਲ ਲਾਈਨਜ਼ ਦੇ ਮੁਖੀ ਅਮੋਲਕ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇੱਕ ਖਾਸ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਉਕਤ ਜਗਾ ’ਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ ਜਦੋਂ ਪੁਲੀਸ ਨੇ ਉੱਥੇ ਛਾਪੇ ਮਾਰਿਆ ਤਾਂ ਪੁਲੀਸ ਨੇ ਤਿੰਨ ਲੜਕੀਆਂ ਅਤੇ 5 ਨੌਜਵਾਨਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਦੇਹ ਵਪਾਰ ਦਾ ਧੰਦਾ ਚਲਾ ਰਹੀ ਉਕਤ ਔਰਤ ਅਤੇ ਕਾਬੂ ਕੀਤੇ ਗਏ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਸਥਾਨਕ ਲੋਕਾਂ ਨੇ ਪੁਲਸੀਆ ਕਾਰਵਾਈ ਨੂੰ ਲੇਟ ਕੀਤੀ ਗਈ ਕਾਰਵਾਈ ਦੱਸਿਆ ਅਤੇ ਕਿਹਾ ਕਿ ਇੱਥੇ ਸ਼ਰ੍ਹੇਆਮ ਲੰਬੇ ਸਮੇਂ ਤੋਂ ਉਕਤ ਔਰਤ ਦਿਨ-ਰਾਤ ਇਹ ਧੰਦਾ ਚਲਾ ਰਹੀ ਸੀ ਜਿਸ ਕਾਰਨ ਸਾਰੇ ਮੁਹੱਲੇ ਦਾ ਮਾਹੌਲ ਖਰਾਬ ਹੋਇਆ ਪਿਆ ਸੀ। ਉਨ੍ਹਾਂ ਦੱਸਿਆ ਕਿ ਉਹ ਪੁਲੀਸ ਨੂੰ ਪਹਿਲਾਂ ਵੀ ਇਸ ਬਾਰੇ ਕਈ ਵਾਰ ਸੂਚਿਤ ਕਰ ਚੁੱਕੇ ਸਨ ਪਰ ਪੁਲੀਸ ਨੇ ਕਦੇ ਵੀ ਇਸ ਖਿਲਾਫ਼ ਕਾਰਵਾਈ ਨਹੀਂ ਕੀਤੀ।