ਗੁਰਬਖਸ਼ਪੁਰੀ
ਤਰਨ ਤਾਰਨ, 7 ਅਪਰੈਲ
ਖੱਬੀਆਂ ਪਾਰਟੀਆਂ ਵੱਲੋਂ ਬਿਜਲੀ ਖਪਤਕਾਰਾਂ ਲਈ ਪ੍ਰ੍ਰੀ-ਪੇਡ ਮੀਟਰ ਲਗਾਉਣ ਸਬੰਧੀ ਚਲਾਈ ਮੁਹਿੰਮ ਖਿਲਾਫ਼ ਅੱਜ ਇੱਥੇ ਇਕ ਰੋਸ ਵਿਖਾਵਾ ਕਰਕੇ ਕੇਂਦਰ ਅਤੇ ਸੂਬਾ ਸਰਕਾਰ ਦੀ ਅਰਥੀ ਸਾੜੀ ਗਈ| ਇਸ ਮੌਕੇ ਆਗੂਆਂ ਨੇ ਕਿਹਾ ਕਿ ਚਿੱਪ ਵਾਲੇ ਮਟਰ ਕਿਸੇ ਵੀ ਹਾਲਤ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ। ਸਰਕਾਰ ਖਿਲਾਫ਼ ਕੀਤੇ ਇਸ ਵਿਖਾਵੇ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਸੀਪੀਆਈ, ਸੀਪੀਆਈ (ਐੱਮ.ਐੱਲ.) ਨਿਊ ਡੈਮੋਕ੍ਰੇਸੀ, ਸੀਪੀਆਈ.(ਐੱਮਐੱਲ) ਲਬਿਰੇਸ਼ਨ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਵਰਕਰਾਂ ਨੇ ਭਾਗ ਲਿਆ| ਪਾਰਟੀ ਆਗੂਆਂ ਬਲਦੇਵ ਸਿੰਘ ਪੰਡੋਰੀ, ਦਵਿੰਦਰ ਸੋਹਲ, ਤਾਰਾ ਸਿੰਘ ਖਹਿਰਾ, ਕਰਮ ਸਿੰਘ ਪੰਡੋਰੀ, ਸੁਲੱਖਣ ਸਿੰਘ ਤੁੜ, ਨਰਿੰਦਰ ਬੇਦੀ, ਬਲਵਿੰਦਰ ਸਿੰਘ ਬਾਗੜੀਆ ਗੁਰਪ੍ਰਤਾਪ ਸਿੰਘ ਬਾਠ ਸਮੇਤ ਹੋਰਨਾਂ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਸਰਕਾਰ ਦੀ ਇਸ ਕਾਰਵਾਈ ਨੂੰ ਖਪਤਕਾਰਾਂ ਦੇ ਹਿੱਤਾਂ ਦੇ ਖਿਲਾਫ਼ ਦੱਸਿਆ| ਖੱਬੇ ਪੱਖੀ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਵਲੋਂ ਸੂਬਿਆਂ ਦੇ ਹੱਕਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਸਬੰਧੀ ਆਪਣਾ ਪੱਖ ਸਪਸ਼ਟ ਕਰਨ ਦੀ ਮੰਗ ਕਰਦਿਆਂ ਸੂਬੇ ਦੇ ਹਿੱਤਾਂ ’ਤੇ ਪਹਿਰਾ ਦੇਣ ਦੀ ਮੰਗ ਕੀਤੀ।