ਰਾਜਨ ਮਾਨ
ਮਜੀਠਾ, 8 ਜੂਨ
ਨੀਲੇ ਰਾਸ਼ਨ ਕਾਰਡ ਵਿਚੋਂ ਕਥਿਤ ਸਿਆਸੀ ਦਖਲਅੰਦਾਜ਼ੀ ਕਾਰਨ ਨਾਂ ਕੱਟੇ ਜਾਣ ਦੇ ਰੋਸ ਵਜੋਂ ਅੱਜ ਇੱਥੇ ਹਲਕੇ ਦੇ ਕਾਰਡ ਧਾਰਕਾਂ ਵੱਲੋਂ ਐੱਸਡੀਐਮ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ।ਅਕਾਲੀ ਆਗੂ ਐਡਵੋਕੇਟ ਰਾਕਸ਼ ਪ੍ਰਾਸ਼ਰ ਤੇ ਲਖਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਕੀਤੇ ਮੁਜ਼ਾਹਰੇ ਵਿਚ ਸਰਕਾਰ ਖਿਲਾਫ ਨਾਅਰੇਬਾਜੀ ਕਰਨ ਉਪਰੰਤ ਐੱਸਡੀਐਮ ਮਜੀਠਾ ਦੇ ਨਾਮ ਮੰਗ ਪੱਤਰ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਨੂੰ ਦਿੱਤਾ ਗਿਆ। ਮੁਜ਼ਾਹਰਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਸਿਵਲ ਸਪਲਾਈਜ਼ ਵਿਭਾਗ ਦੀ ਨਿੰਦਾ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਮਾਰਚ ਮਹੀਨੇ ਅਤੇ ਮਈ ਮਹੀਨੇ ਵਿੱਚ ਮਿਲਣ ਵਾਲੀ ਕਣਕ ਤੇ ਦਾਲ ਨਹੀਂ ਮਿਲੀ ਕਿਉਂਕਿ ਉਨ੍ਹਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੇ ਕੱਟੇ ਕਾਰਡ ਬਹਾਲ ਨਾ ਕੀਤੇ ਤਾਂ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਨੀਲੇ ਕਾਰਡ ਕੱਟੇ ਜਾਣ ਸਬੰਧੀ ਪਿੰਡ ਮੋਹਣੋਵਾਲ ਦੇ ਲੋਕਾਂ ਨੇ ਪਿੰਡ ਦੇ ਸਰਪੰਚ ਲਖਵੀਰ ਸਿੰਘ ਦੀ ਅਗਵਾਈ ਵਿੱਚ ਫੂਡ ਸਪਲਾਈ ਇੰਸਪੈਕਟਰ ਗੜ੍ਹਸ਼ੰਕਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਵਿਭਾਗ ਵੱਲੋਂ ਬਿਨਾਂ ਕਿਸੇ ਜਾਂਚ ਦੇ ਪਿੰਡ ਦੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ। ਉਨ੍ਹਾਂ ਇਸ ਸਬੰਧੀ ਜਾਂਚ ਦੀ ਮੰਗ ਕੀਤੀ।
ਡਿੱਪੂ ਹੋਲਡਰ ਤੇ ਕੌਂਸਲਰ ਦੇ ਘਰ ਦਾ ਘਿਰਾਓ
ਫਗਵਾੜਾ (ਜਸਵੀਰ ਸਿੰਘ ਚਾਨਾ): ਨੀਲੇ ਕਾਰਡ ਧਾਰਕਾਂ ਦੇ ਕਾਰਡ ਕੱਟੇ ਜਾਣ ਦੇ ਰੋਸ ਵਜੋਂ ਅੱਜ ਵਾਰਡ ਨੰਬਰ 20 ਅਤੇ 22 ਦੇ ਵਸਨੀਕਾਂ ਨੇ ਅੱਜ ਡਿਪੂ ਹੋਲਡਰ ਅਤੇ ਵਾਰਡ ਕੌਂਸਲਰ ਦੇ ਘਰ ਦਾ ਘਿਰਾਓ ਕੀਤਾ। ਮੁਹੱਲਾ ਵਾਸੀਆਂ ਨੇ ਕੌਂਸਲਰ, ਡਿੱਪੂ ਹੋਲਡਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਘਿਰਾਓ ਕਰਨ ਵਾਲਿਆਂ ’ਚ ਪਰਨੀਸ਼ ਬੰਗਾ, ਲਵਪ੍ਰੀਤ ਬੋਬੀ, ਹੇਮਰਾਜ, ਵਿਸ਼ਵਾਮਿੱਤਰ, ਭਗਵੰਤ ਰਾਮ, ਗੋਪੀ, ਸਤਪਾਲ, ਮੀਨੂੰ ਹਾਜ਼ਰ ਸਨ।ਡਿੱਪੂ ਹੋਲਡਰ ਰੋਹਿਤ ਗੋਗਨਾ ਦੇ ਪਿਤਾ ਮੰਗਤ ਰਾਏ ਗੋਗਨਾ ਕਿਹਾ ਕਿ ਨੀਲੇ ਕਾਰਡ ਪ੍ਰਸ਼ਾਸਨ ਵੱਲੋਂ ਕੱਟੇ ਗਏ ਹਨ ਅਤੇ ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਗਏ ਹਨ ਉਨ੍ਹਾਂ ਨੂੰ ਕਣਕ ਨਹੀਂ ਵੰਡੀ ਜਾ ਸਕਦੀ। ਮੁਹੱਲਾ ਕੌਂਸਲਰ ਸੰਗੀਤਾ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਕੋਲ ਜੋ ਵੀ ਨੀਲੇ ਕਾਰਡ ਬਣਨ ਲਈ ਆਏ ਸਨ ਉਹ ਸਬੰਧਿਤ ਵਿਭਾਗ ਨੂੰ ਭੇਜ ਦਿੱਤੇ ਗਏ ਹਨ ਅਤੇ ਜਲਦ ਹੀ ਬਣ ਜਾਣਗੇ।