ਹਰਪ੍ਰੀਤ ਕੌਰ
ਹੁਸ਼ਿਆਰਪੁਰ, 14 ਅਕਤੂਬਰ
ਮਨਰੇਗਾ ਲੇਬਰ ਮੂਵਮੈਂਟ ਵਲੋਂ ਮਨਰੇਗਾ ਮੇਟਾਂ ਤੇ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਬਲਾਕ ਪ੍ਰਧਾਨ ਇੰਦਰਜੀਤ ਕੌਰ ਤੇ ਪਰਵੀਨ ਕੁਮਾਰੀ ਦੀ ਅਗਵਾਈ ਵਿਚ ਅੱਜ ਇੱਥੇ ਸਰਕਾਰ ਖਿਲਾਫ਼ ਮੁਜ਼ਾਹਰਾ ਕੀਤਾ ਗਿਆ। ਧੀਮਾਨ ਨੇ ਕਿਹਾ ਕਿ ਮੇਟਾਂ ਦੀਆਂ ਮੁਸ਼ਕਿਲਾਂ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ, ਘੱਟੋ ਘੱਟ ਉਜਰਤ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਮਨਰੇਗਾ ਸਕੀਮ ਤਹਿਤ ਬਣੀਆਂ ਕੈਟਲ ਸ਼ੈਡਾਂ ਦੀ ਸਰਕਾਰ ਵਲੋਂ ਜਾਂਚ ਨਹੀਂ ਕਰਵਾਈ ਜਾ ਰਹੀ, ਮਨਰੇਗਾ ਲੋਕਪਾਲ ਦੇ ਜ਼ਿਲ੍ਹਾ ਪੱਧਰ ’ਤੇ ਦਫਤਰ ਖੋਲ੍ਹਣ ਵਿਚ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ। ਧੀਮਾਨ ਨੇ ਕਿਹਾ ਕਿ ਸੰਵਿਧਾਨਕ ਮਰਿਆਦਾਵਾਂ ਨੂੰ ਲਾਗੂ ਕਰਵਾਉਣ ਲਈ ਵੀ ਮਨਰੇਗਾ ਵਰਕਰਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਫਾਰਗ ਕੀਤੀਆਂ ਮੇਟਾਂ ਨੂੰ ਜੇਕਰ ਬਹਾਲ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਨਹੀਂ ਕੀਤਾ ਗਿਆ ਤਾਂ 4 ਨੰਵਬਰ ਨੂੰ ਇਕ ਦਿਨ ਦਾ ਮਿੰਨੀ ਸਕੱਤਰੇਤ ਦੇ ਬਾਹਰ ਅੰਦੋਲਨ ਕੀਤਾ ਜਾਵੇਗਾ।