ਪੱਤਰ ਪ੍ਰੇਰਕ
ਤਰਨ ਤਾਰਨ, 5 ਜੁਲਾਈ
ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਇਥੇ ਦਿਵਿਆਂਗ ਨਾਗਰਿਕਾਂ ਨੂੰ ਪੇਸ਼ ਮੁਸ਼ਕਲਾਂ ਬਾਰੇ ਪ੍ਰਸ਼ਾਸਨ ਦੇ ਵਤੀਰੇ ਖ਼ਿਲਾਫ਼ ਰੋਸ ਵਿਖਾਵਾ ਕਰਕੇ ਇਕ ਰੋਸ ਮਾਰਚ ਕੀਤਾ ਗਿਆ| ਮੀਟਿੰਗ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਲਖਬੀਰ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕ ਸਾਲ ਪਹਿਲਾਂ ਅੰਨਤੋਦਿਆ ਅੰਨ ਯੋਜਨਾ ਤਹਿਤ ਸਮਾਰਟ ਰਾਸ਼ਣ ਕਾਰਡ ਬਣਾਉਣ ਲਈ ਦਿੱਤੇ ਫਾਰਮਾਂ ’ਤੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਖ਼ਿਲਾਫ਼ ਤਿੱਖਾ ਰੋਸ ਹੈ| ਜਥੇਬੰਦੀ ਨੇ ਐੱਸਡੀਐੱਮ ਰਜਨੀਸ਼ ਅਰੋੜਾ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਉਠਾਈਆਂ ਮੰਗਾਂ ਦਾ ਕੋਈ ਜਵਾਬ ਨਾ ਦੇਣ ’ਤੇ ਵੀ ਨਰਾਜ਼ਗੀ ਜ਼ਾਹਰ ਕੀਤੀ ਅਤੇ ਪ੍ਰਸ਼ਾਸਨ ਦੇ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ| ਜਥੇਬੰਦੀ ਨੇ 15 ਅਗਸਤ ਤੱਕ ਉਨ੍ਹਾਂ ਦੇ ਸਮਾਰਟ ਰਾਸ਼ਨ ਕਾਰਡ ਨਾ ਬਣਾ ਕੇ ਦੇਣ ’ਤੇ 15 ਅਗਸਤ ਨੂੰ ਸੂਬਾ ਪੱਧਰੀ ਰੋਸਸ ਪ੍ਰਦਰਸਨ ਕਰਕੇ ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਮੌਕੇ ਕਾਲੀਆਂ ਝੰਡੀਆਂ ਲਹਿਰਾਉਣ ਦੀ ਚਿਤਾਵਨੀ ਦਿੱਤੀ| ਇਸ ਮੌਕੇ ਜਥੇਬੰਦੀ ਦੇ ਆਗੂ ਲਖਵੀਰ ਸਿੰਘ ਚੱਕ ਸਿਕੰਦਰ, ਗੁਰਵੇਲ ਸਿੰਘ ਪੱਧਰੀ ਕਲਾਂ, ਮਹਿਲ ਸਿੰਘ, ਰਾਜਵੀਰ ਸਿੰਘ, ਕੁਲਵੰਤ ਸਿੰਘ, ਰੋਹਿਤ ਕੁਮਾਰ ਨੇ ਵੀ ਸੰਬੋਧਨ ਕੀਤਾ।