ਵਰਿੰਦਰ ਜਾਗੋਵਾਲ
ਕਾਹਨੂੰਵਾਨ, 21 ਅਕਤੂਬਰ
ਬੀਡੀਪੀਓ ਦਫ਼ਤਰ ਕਾਹਨੂੰਵਾਨ ਵਿੱਚ ਪਿੰਡ ਸਠਿਆਲੀ ਦੇ ਲੋਕਾਂ ਨੇ ਪਿੰਡ ਵਿਚ ਵਿਕਾਸ ਕਾਰਜਾਂ ਵਿਚ ਆਏ ਅੜਿੱਕੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਮਲਕੀਤ ਸਿੰਘ ਦਾਤਾਰਪੁਰ, ਸੁਖਵੰਤ ਸਿੰਘ ਸਠਿਆਲੀ ਅਤੇ ਸਕੱਤਰ ਗਗਨਦੀਪ ਬਾਵਾ ਨੇ ਦੱਸਿਆ ਪਿੰਡ ਸਠਿਆਲੀ ਵਿੱਚ ਇਕ ਗਲੀ ਦਾ ਨਿਰਮਾਣ ਪਿਛਲੇ 4 ਮਹੀਨੇ ਤੋਂ ਵਿੱਚ ਅਧੂਰ ਪਿਆ, ਜਿਸ ਕਾਰਨ ਪਿੰਡ ਵਾਸੀ ਬਹੁਤ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਉਹ ਗਲੀ ਦੇ ਵਿਚਲੇ ਲਟਕੇ ਨਿਰਮਾਣ ਨੂੰ ਲੈ ਕੇ ਬੀਡੀਪੀਓ ਕਾਹਨੂੰਵਾਨ ਨੂੰ ਮਿਲਣ ਲਈ ਆਏ ਸਨ ਪਰ ਉਨ੍ਹਾਂ ਨੇ ਕੋਈ ਵੀ ਸਮੱਸਿਆ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ਆਖਿਆ ਕਿ ਉਹ ਇਹ ਕੰਮ ਅਜੇ ਨਹੀਂ ਕਰਵਾ ਸਕਦੇ ਕਿਉਂਕਿ ਉਨ੍ਹਾਂ ਦੇ ਪਿੰਡ ਵਾਸੀ ਸੂਚਨਾ ਅਧਿਕਾਰ ਦੀ ਵਰਤੋਂ ਕਰਦੇ ਹਨ। ਬੀਡੀਪੀਓ ਦੇ ਅੜੀਅਲ ਰਵੱਈਆ ਕਾਰਨ ਉਨ੍ਹਾਂ ਨੂੰ ਦਫ਼ਤਰ ਦੇ ਸਾਹਮਣੇ ਅੱਕ ਕੇ ਰੋਸ ਪ੍ਰਦਰਸ਼ਨ ਕਰਨਾ ਪਿਆ। ਉਨ੍ਹਾਂ ਐਲਾਨ ਕੀਤਾ ਕੇ ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਨਹੀਂ ਦਿੱਤਾ ਜਾਂਦਾ ਉਹ ਲੜੀਵਾਰ ਧਰਨਾ ਜਾਰੀ ਰੱਖਣਗੇ। ਇਸ ਸਬੰਧੀ ਜਦੋਂ ਬੀਡੀਪੀਓ ਕਾਹਨੂੰਵਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਵਿਕਾਸ ਦਾ ਕੰਮ ਕਰਵਾਇਆ ਜਾ ਰਿਹਾ ਹੈ ਉਸ ਦੇ ਪੈਸੇ ਪਿੰਡ ਦੇ ਲੋਕ ਕਢਵਾ ਕੇ ਨਹੀਂ ਦੇ ਰਹੇ, ਜਿਸ ਕਾਰਨ ਵਿਕਾਸ ਕੰਮਾਂ ਦੀ ਮਜ਼ਦੂਰੀ ਦੇ ਪੈਸੇ ਮਜ਼ਦੂਰਾਂ ਨੂੰ ਅਦਾ ਨਹੀਂ ਕੀਤੇ ਜਾ ਸਕੇ। ਜਿਸ ਕਾਰਨ ਵਿਕਾਸ ਕਾਰਜ ਵਿਚਾਲੇ ਲਟਕ ਗਏ ਹਨ।