ਪੱਤਰ ਪ੍ਰੇਰਕ
ਪਠਾਨਕੋਟ, 9 ਜੁਲਾਈ
ਰਾਸ਼ਨ ਦੀ ਪਰਚੀ ਨਾ ਕੱਟੇ ਜਾਣ ਨੂੰ ਲੈ ਕੇ ਸਰਨਾ ਦੇ ਵਾਰਡ ਨੰਬਰ 42 ਦੇ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਵੈਸ਼ਨੋ ਦੇਵੀ, ਜੋਤੀ ਬਾਲਾ, ਰੇਖਾ ਦੇਵੀ, ਸਵਿਤਾ ਦੇਵੀ, ਅਸ਼ੋਕ ਕੁਮਾਰ, ਨੀਰਜ ਕੁਮਾਰ, ਅਜੇ ਕੁਮਾਰ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਤਹਿਤ ਮਿਲਣ ਵਾਲੇ ਰਾਸ਼ਨ ਨੂੰ ਹੋਮ ਡਲਿਵਰੀ ਕਰਨ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਉਹ ਰਾਸ਼ਨ ਦੀ ਪਰਚੀ ਕਟਵਾਉਣ ਲਈ ਡਿੱਪੂ ਹੋਲਡਰ ਕੋਲ ਗਏ ਤਾਂ ਉਸ ਨੇ ਕਿਹਾ ਕਿ ਜਿੰਨਾ ਰਾਸ਼ਨ ਸਰਕਾਰ ਵੱਲੋਂ ਭੇਜਿਆ ਗਿਆ ਹੈ, ਉਸ ਦੀ ਉਹ ਪਰਚੀ ਕੱਟ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਰਚੀ ਵੰਡਣ ਨੂੰ ਲੈ ਕੇ ਪੱਖਪਾਤ ਅਤੇ ਭੇਦਭਾਵ ਕੀਤਾ ਜਾ ਰਿਹਾ ਹੈ। ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਵਿਸ਼ਾਲ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਲੋਕਾਂ ਨੂੰ ਮਿਲਣ ਵਾਲਾ ਅਨਾਜ ਇਸ ਵਾਰ 89.72 ਫ਼ੀਸਦ ਆਇਆ ਹੈ। ਡਿੱਪੂ ਹੋਲਡਰ ਵੱਲੋਂ ਅਨਾਜ ਦੇ ਮੁਤਾਬਕ ਹੀ ਪਰਚੀ ਕੱਟੀ ਜਾ ਰਹੀ ਹੈ। ਪੱਖਪਾਤ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਰਾਸ਼ਨ ਲੋਕਾਂ ਦੇ ਹਿਤ ਲਈ ਆਵੇਗਾ, ਉਸ ਦੇ ਹਿਸਾਬ ਨਾਲ ਹੀ ਵੰਡ ਕੀਤੀ ਜਾਵੇਗੀ। ਵਿਭਾਗ ਵੱਲੋਂ ਕੇਂਦਰ ਸਰਕਾਰ ਨੂੰ ਇਸ ਬਾਰੇ ਲਿਖਿਆ ਗਿਆ ਹੈ। ਉਨ੍ਹਾਂ ਨੂੰ ਆਸ ਹੈ ਕਿ ਰਾਸ਼ਨ ਆਉਣ ’ਤੇ ਜੋ ਲੋਕ ਰਹਿ ਗਏ ਹਨ, ਉਨ੍ਹਾਂ ਨੂੰ ਵੀ ਪੂਰਾ ਰਾਸ਼ਨ ਮਿਲ ਜਾਵੇਗਾ।