ਪੱਤਰ ਪ੍ਰੇਰਕ
ਤਰਨ ਤਾਰਨ, 13 ਜੁਲਾਈ
ਪਿੰਡਾਂ ਦੀਆਂ ਸਿਵਲ ਡਿਸਪੈਂਸਰੀਆਂ ਵਿਚ ਕੰਮ ਕਰਦੇ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਅੱਜ ਇੱਥੋਂ ਦੀ ਆਮਦ ਮੌਕੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਊਣ ਦੀ ਮੰਗ ਸਬੰਧੀ ਪੀਪੀਈ ਕਿੱਟਾਂ ਪਾ ਕੇ ਰੋਸ ਵਿਖਾਵਾ ਕੀਤਾ| ਰੂਰਲ ਫਾਰਮੇਸੀ ਅਫ਼ਸਰਜ਼ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਸ਼ੁਰੂ ਕੀਤਾ ਇਹ ਅੰਦੋਲਨ ਅੱਜ ਆਪਣੇ 25ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਚੇਅਰਮੈਨ ਹਰਿੰਦਰ ਸਿੰਘ ਧੁੰਦਾ, ਜ਼ਿਲ੍ਹਾ ਪ੍ਰਧਾਨ ਵਰਿੰਦਰਪਾਲ ਸਿੰਘ ਭਾਟੀਆ ਤੋਂ ਇਲਾਵਾ ਸੁਖਜਿੰਦਰ ਸਿੰਘ, ਅਮਨਦੀਪ ਸਿੰਘ, ਨਿਮਰਤਾ ਕੌਰ, ਸਰਬਜੀਤ ਸਿੰਘ, ਇੰਦਰਜੀਤ ਲਾਲਪੁਰ, ਦਰਜਾ ਚਾਰ ਆਗੂ ਸਤਪਾਲ ਸਿੰਘ, ਗੁਰਦੇਵ ਸਿੰਘ ਨੇ ਸਰਕਾਰ ਵੱਲੋਂ ਬਣਾਈ ਕੈਬਨਿਟ ਸਬ-ਕਮੇਟੀ ’ਤੇ ਬੇਯਕੀਨੀ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਦੇ ਇਸ ਕਦਮ ਨੂੰ ਲਾਰਾ-ਲਾਊ ਕਾਰਵਾਈ ਆਖਿਆ| ਜਥੇਬੰਦੀ ਦੇ ਇਕ ਵਫ਼ਦ ਵੱਲੋਂ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ| ਆਗੂਆਂ ਨੇ ਕਿਹਾ ਕਿ ਉਹ 15 ਸਾਲਾਂ ਤੋਂ ਵੱਧ ਸਮੇਂ ਤੋਂ ਵਿਭਾਗ ਅੰਦਰ 10,000 ਰੁਪਏ ਮਹੀਨਾ ’ਤੇ ਕੰਮ ਕਰਦੇ ਆ ਰਹੇ ਹਨ| ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੋਂ ਲਗਾਤਾਰ ਕੰਨੀ ਕਤਰਾਉਂਦੀ ਆ ਰਹੀ ਹੈ|