ਗੁਰਬਖ਼ਸ਼ਪੁਰੀ
ਤਰਨ ਤਾਰਨ, 17 ਸਤੰਬਰ
ਸ਼ਹਿਰ ਦੀ 45 ਸਾਲਾ ਔਰਤ ਸੁਸ਼ਮਾ ਦੇ ਕਾਤਲਾਂ ਦੀ ਤੀਜੇ ਦਿਨ ਵੀ ਕਥਿਤ ਗ੍ਰਿਫ਼ਤਾਰੀ ਨਾ ਹੋਣ ਖ਼ਿਲਾਫ਼ ਪੀੜਤ ਪਰਿਵਾਰ ਤੇ ਹੋਰ ਲੋਕਾਂ ਨੇ ਚੌਕ ਬੋਹੜੀ ਵਿੱਚ ਧਰਨਾ ਲਾ ਕੇ ਆਵਾਜਾਈ ਬੰਦ ਕਰ ਦਿੱਤੀ| ਡੀਐੱਸਪੀ ਜਸਪਾਲ ਸਿੰਘ ਢਿੱਲੋਂ ਨੇ ਧਰਨਾਕਾਰੀਆਂ ਕੋਲ ਪੁੱਜ ਕੇ ਕਾਰਵਾਈ ਦਾ ਯਕੀਨ ਦਿੱਤਾ ਜਿਸ ਮਗਰੋਂ ਧਰਨਾ ਚੁੱਕ ਲਿਆ ਗਿਆ|
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਦੀ ਸ਼ਨਾਖ਼ਤ ਕਰ ਲਈ ਹੈ| ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਕੁਝ ਕਾਰਨਾਂ ਕਰ ਕੇ ਉਹ ਇਸ ਦੀ ਜਾਣਕਾਰੀ ਦੇਣ ਤੋਂ ਅਸਮਰਥ ਹਨ| ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਮਗਰੋਂ ਇਸ ਦਾ ਖੁ਼ਲਾਸਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੁਸ਼ਮਾ ਦੀ ਲਾਸ਼ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੂੰ ਵੀਰਵਾਰ ਨੂੰ ਪਿੰਡ ਢੰਡ ਕਸੇਲ ਦੀ ਨਹਿਰ ਨੇੜਿਓਂ ਮਿਲੀ ਸੀ| ਲਾਸ਼ ਦਾ ਪੋਸਟਮਾਰਟਮ ਕਰਵਾ ਕਿ ਅੱਜ ਸਸਕਾਰ ਕੀਤਾ ਗਿਆ|