ਪੱਤਰ ਪ੍ਰੇਰਕ
ਅਜਨਾਲਾ, 24 ਅਗਸਤ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸੂਬੇ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਆਉੂਟਸੋਰਸ, ਠੇਕੇਦਾਰਾਂ, ਕੰਪਨੀ ਅਧੀਨ ਪੇਂਡੂ ਵਾਟਰ ਸਪਲਾਈ ਸਕੀਮਾਂ ’ਤੇ ਬਤੌਰ ਪੰਪ ਅਪਰੇਟਰ, ਮਾਲੀ, ਚੌਕੀਦਾਰ, ਫਿਟਰ, ਹੈਲਪਰ, ਪੈਟਰੋਲਮੈਨ, ਸੀਵਰਮੈਨ, ਸੇਵਾਦਾਰ ਅਤੇ ਦਫਤਰਾਂ ਵਿਚ ਵੱਖ-ਵੱਖ ਅਸਾਮੀਆਂ ’ਤੇ ਕੰਮ ਕਰਦੇ ਸਮੁੱਚੇ ਕਾਮਿਆਂ ਨੂੰ ਤਜ਼ਰਬੇ ਦੇ ਅਧਾਰ ’ਤੇ ਵਿਭਾਗ ਵਿਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਆਗੂ ਜਗੀਰ ਸਿੰਘ ਨੰਗਲ ਸੋਹਲ, ਸੁਖਦੇਵ ਸਿੰਘ ਬਾਠ, ਬਲਵਿੰਦਰ ਸਿੰਘ ਪੈੜੇਵਾਲ ਅਤੇ ਹੀਰਾ ਸਿੰਘ ਨੇ ਕਿਹਾ ਕਿ ਪੇਂਡੂ ਜਲ ਸਪਲਾਈ ਸਕੀਮਾਂ ’ਤੇ ਇਕੋ ਵਰਕਰ 4-5 ਪੋਸਟਾਂ ਦਾ ਕੰਮ ਕਰਦਾ ਹੋਇਆ ਲੋਕਾਂ ਤੱਕ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾ ਰਹੇ ਹਨ, ਜਿਨ੍ਹਾਂ ਨੂੰ ਰੈਗੂਲਰ ਕਰਨ ਸਬੰਧੀ ਪੰਜਾਬ ਸਰਕਾਰ ਨੂੰ ਯੂਨੀਅਨ ਵੱਲੋਂ ਕਈ ਵਾਰ ਮੰਗ ਪੱਤਰ ਦਿੱਤੇ ਜਾਣ ਦੇ ਬਾਵਜੂਦ ਆਉੂਟਸੋਰਸ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਮੁੱਖ ਇੰਜਨੀਅਰ ਪਟਿਆਲਾ ਦੇ ਪੱਤਰ ਰਾਹੀਂ ਤਿਆਰ ਕੀਤੀ ਪ੍ਰਪੋਜ਼ਲ ਨੂੰ ਲਾਗੂ ਕੀਤਾ ਜਾਵੇ, ਇਨਲਿਸਟਮੈਂਟ/ ਆਉੂਟਸੋਰਸ ਕਾਮਿਆਂ ’ਤੇ ਈ.ਪੀ.ਐਫ. ਅਤੇ ਈ.ਐਸ.ਆਈ. ਲਾਗੂ ਕੀਤਾ ਜਾਵੇ, ਲੇਬਰ ਕਾਨੂੰਨ ਤਹਿਤ ਵਧੀਆਂ ਉਜਰਤਾਂ ਦਾ ਬਣਦਾ ਏਰੀਅਰ ਦਿੱਤਾ ਜਾਵੇ, 1948 ਐਕਟ ਤਹਿਤ ਉਜਰਤਾਂ ਲਾਗੂ ਕੀਤੀਆਂ ਜਾਣ, ਕਾਮਿਆਂ ਨੂੰ ਹਰੇਕ ਮਹੀਨੇ ਦੀ 7 ਤਰੀਕ ਤੱਕ ਤਨਖਾਹਾਂ ਦਿੱਤੀਆਂ ਜਾਣ, ਜਲ ਘਰਾਂ ਨੂੰ ਚਲਾਉਣ ਲਈ 24 ਘੰਟੇ ਡਿਊਟੀ ਲੈਣ ਦੀ ਬਜਾਏ ਹਰ ਵਰਕਰ ਦੀ ਡਿਊਟੀ ਦਾ ਸਮਾਂ ਨਿਸਚਿਤ ਕੀਤਾ ਜਾਵੇ ਅਤੇ ਇਨਲਿਸਟਮੈਂਟ/ਆਉੂਟਸੋਰਸ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਜਲ ਸਪਲਾਈ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਸ਼ਹਿਰ ਹੁਸ਼ਿਆਰਪੁਰ ਵਿੱਚ ਮਿਤੀ 30 ਅਗਸਤ ਨੂੰ ਪਰਿਵਾਰਾਂ ਸਮੇਤ ਸੂਬਾ ਪੱਧਰੀ ਰੈਲੀ ਅਤੇ ਧਰਨਾ ਦੇਣ ਦਾ ਐਲਾਨ ਵੀ ਕੀਤਾ।