ਪੱਟੀ (ਬੇਅੰਤ ਸਿੰਘ ਸੰਧੂ): ਸਰਕਾਰੀ ਮੁਲਾਜ਼ਮਾਂ ਵੱਲੋਂ ਰਾਸ਼ਨ ਕਾਰਡ ਬਣਾਉਣ ਵੇਲੇ ਅੰਗਹੀਣਾਂ ਦੀ ਕੀਤੀ ਜਾ ਰਹੀ ਖੱਜਲ-ਖੁਆਰੀ ਦੇ ਖ਼ਿਲਾਫ਼ ਅੰਗਹੀਣ ਤੇ ਬਲਾਇੰਡ ਯੂਨੀਅਨ ਵੱਲੋਂ ਤਰਨ ਤਾਰਨ ਰੋਡ ’ਤੇ ਸਥਿਤ ਖ਼ੁਰਾਕ ਤੇ ਸਪਲਾਈ ਵਿਭਾਗ ਦਫ਼ਤਰ ਪੱਟੀ ਅੱਗੇ ਧਰਨਾ ਦਿੱਤਾ ਗਿਆ। ਲਖਬੀਰ ਸਿੰਘ ਸੈਣੀ ਨੇ ਕਿਹਾ ਕਿ ਸੁਖਵੰਤ ਸਿੰਘ ਵਾਸੀ ਲੌਹਕਾ 100 ਫ਼ੀਸਦੀ ਅੰਗਹੀਣ ਹੈ। ਉਹ ਆਪਣਾ ਰਾਸ਼ਨ ਕਾਰਡ ਬਣਾਉਣ ਲਈ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਡੀਐਫਐੱਸਓ ਦਫ਼ਤਰ ਪੱਟੀ ਆਇਆ ਸੀ। ਦਫ਼ਤਰ ਵਿਚ ਉਸ ਨਾਲ ਕਥਿਤ ਗ਼ਲਤ ਵਿਵਹਾਰ ਕੀਤਾ ਗਿਆ ਹੈ। ਇਸ ਕਰ ਕੇ ਅੰਗਹੀਣਾਂ ਵੱਲੋਂ ਧਰਨਾ ਦਿੱਤਾ ਗਿਆ ਹੈ। ਧਰਨਾਕਾਰੀਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਅੰਗਹੀਣਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦਫ਼ਤਰੀ ਫਾਈਲਾਂ ਤੱਕ ਸੀਮਤ ਹਨ। ਅੰਗਹੀਣਾਂ ਵੱਲੋਂ ਧਰਨੇ ਦੇਣ ਸਮੇਂ ਡੀਐਫਐੱਸਓ ਪੱਟੀ ਆਪਣੇ ਦਫ਼ਤਰ ਅੰਦਰ ਮੌਜੂਦ ਨਹੀਂ ਸੀ। ਪੱਖ ਜਾਣਨ ਲਈ ਦਫ਼ਤਰ ਦੇ ਦੋ ਨੰਬਰਾਂ ’ਤੇ ਸੰਪਰਕ ਕੀਤਾ ਪਰ ਨੰਬਰ ਬੰਦ ਆ ਰਹੇ ਸਨ।