ਦਵਿੰਦਰ ਸਿੰਘ ਭੰਗੂ
ਰਈਆ, 21 ਸਤੰਬਰ
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਲਕਾ ਪ੍ਰਿੰਸੀਪਲ ਦੇ ਮਾੜੇ ਰਵੱਈਏ ਅਤੇ ਘਟੀਆ ਸ਼ਬਦਾਵਲੀ ਬੋਲਣ ਦੇ ਰੋਸ ਵਜੋਂ ਸਕੂਲੀ ਬੱਚਿਆਂ ਤੇ ਪਿੰਡ ਦੇ ਲੋਕਾਂ ਨੇ ਧਰਨਾ ਲਾਇਆ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਅੰਮ੍ਰਿਤਸਰ ਵਲੋ ਜਾਂਚ ਲਈ ਦੋ ਮੈਂਬਰੀ ਟੀਮ ਭੇਜੀ ਹੈ। ਰਿਪੋਰਟ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਲਕਾ ਵਿੱਚ ਪ੍ਰਿੰਸੀਪਲ ਵੱਲੋਂ ਸਵੇਰ ਦੀ ਸਭਾ ਦੌਰਾਨ ਬੱਚਿਆਂ ਅਤੇ ਸਕੂਲ ਸਟਾਫ਼ ਪ੍ਰਤੀ ਮਾੜੀ ਸ਼ਬਦਾਵਲੀ (ਭੇਡਾਂ-ਬੱਕਰੀਆਂ)ਦੀ ਵਰਤੋਂ ਕੀਤੀ। ਪ੍ਰਿੰਸੀਪਲ ਦੇ ਰਵੱਈਏ ਤੋ ਤੰਗ ਆਏ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਸਕੂਲ ਗਰਾਊਂਡ ਵਿੱਚ ਧਰਨਾ ਲਾਕੇ ਪ੍ਰਿੰਸੀਪਲ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਣ ’ਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ, ਸਣੇ ਸਰਪੰਚ ਪੰਚਾਇਤ, ਵੀ ਪੁੱਜੇ. ਇਸ ਮੌਕੇ ਸਰਪੰਚ ਵਰਿੰਦਰ ਸਿੰਘ ਧੂਲਕਾ, ਸਰਪੰਚ ਸਾਹਿਬ ਸਿੰਘ ਝਾੜੂ ਨੰਗਲ ਵੀ ਮੌਜੂਦ ਸਨ। ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਪਤਾ ਲੱਗਣ ਤੇ ਉਨ੍ਹਾਂ ਸੁਰਜੀਤ ਸਿੰਘ ਕੰਗ ਯੂਥ ਜੁਆਇੰਟ ਸਕੱਤਰ ਪੰਜਾਬ ਆਮ ਆਦਮੀ ਪਾਰਟੀ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਸੁਖਦੇਵ ਸਿੰਘ ਪੱਡਾ ਨੂੰ ਸਕੂਲ ਭੇਜਿਆ ਜਿਨ੍ਹਾਂ ਜਾਇਜ਼ਾ ਲੈ ਕੇ ਅਗਲੇਰੀ ਰਿਪੋਰਟ ਸੀਨੀਅਰ ਆਗੂਆਂ ਨੂੰ ਭੇਜ ਦਿੱਤੀ ਹੈ।ਸਕੂਲ ਪ੍ਰਿੰਸੀਪਲ ਕੰਵਲਜੀਤ ਕੌਰ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਵਿਦਿਆਰਥੀਆ ਵਿੱਚ ਅਨੁਸ਼ਾਸਨ ਕਾਇਮ ਰੱਖਣ ਅਤੇ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ ਨੇ ਕਿਹਾ ਕੇ ਇਸ ਸਬੰਧੀ ਜਾਂਚ ਲਈ ਅੱਜ ਦੋ ਪ੍ਰਿੰਸੀਪਲ ਰਾਜੀਵ ਕੱਕੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆ ਅਤੇ ਪ੍ਰਿੰਸੀਪਲ ਨਵਤੇਜ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਈਆ ਨੇ ਸਕੂਲ ਵਿਚ ਪੁੱਜੇ ਬੱਚਿਆ ਨੂੰ ਸਮਝਾ ਕੇ ਕਲਾਸਾਂ ਵਿੱਚ ਭੇਜਿਆ ।