ਪੱਤਰ ਪ੍ਰੇਰਕ
ਤਰਨ ਤਾਰਨ, 19 ਜੂਨ
ਸੀਪੀਆਈ ਅਤੇ ਆਰਐੱਮਪੀਆਈ ਵੱਲੋਂ ਅੱਜ ਜ਼ਿਲ੍ਹੇ ਦੇ ਕਸਬਾ ਹਰੀਕੇ ਵਿੱਚ ਮਹਿੰਗਾਈ ਖਿਲਾਫ਼ ਰੋਹ ਭਰਪੂਰ ਵਿਖਾਵਾ ਕੀਤਾ ਅਤੇ ਕੇਂਦਰ ਸਰਕਾਰ ਦੀ ਅਰਥੀ ਸਾੜੀ| ਇਸ ਮੌਕੇ ਸੀਪੀਆਈ ਦੇ ਸੂਬਾ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੀਆਂ ਨੀਤੀਆਂ ਦੇ ਚਲਦਿਆਂ ਹੀ ਅੱਜ ਪੈਟਰੋਲੀਅਮ ਪਦਾਰਥਾਂ ਸਮੇਤ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ| ਉਨ੍ਹਾਂ ਕਿਹਾ ਕਿ ਇਸ ਨਾਲ ਗਰੀਬ ਵਰਗਾਂ ਦੇ ਲੋਕਾਂ ਲਈ ਘਰਾਂ ਦੇ ਖਰਚ ਚਲਾਉਣੇ ਕਠਿਨ ਬਣ ਗਏ ਹਨ| ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਜਮ੍ਹਾਂਖੋਰਾਂ ਖਿਲਾਫ਼ ਸਰਕਾਰ ਦਾ ਵਤੀਰਾ ਸਾਂਝ-ਭਿਆਲੀ ਵਾਲਾ ਹੋਣ ਕਰਕੇ ਹੀ ਖਾਣ ਵਾਲਾ ਸਰ੍ਹੋਂ ਦਾ ਤੇਲ 200 ਰੁਪਏ ਪ੍ਰਤੀ ਕਿੱਲੋ ਨੂੰ ਪਾਰ ਕਰ ਗਿਆ ਹੈ ਅਤੇ ਇਹੀ ਹਾਲਤ ਹੋਰਨਾਂ ਵਸਤਾਂ ਦੀਆਂ ਕੀਮਤਾਂ ਦੀ ਹੈ।
ਚੋਹਲਾ ਸਾਹਿਬ (ਪੱਤਰ ਪ੍ਰੇਰਕ): ਖੱਬੀਆਂ ਪਾਰਟੀਆਂ ਦੇ ਸੱਦੇ ’ਤੇ ਪੰਦਰਵਾੜਾ ਰੋਸ ਮਨਾਉਂਦੇ ਹੋਏ ਸੀਪੀਆਈ ਬਲਾਕ ਚੋਹਲਾ ਸਾਹਿਬ ਵੱਲੋਂ ਮਹਿੰਗਾਈ ਤੇ ਬੇਰੁਜ਼ਗਾਰੀ ਖ਼ਿਲਾਫ਼ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸੀਪੀਆਈ ਬਲਾਕ ਚੋਹਲਾ ਸਾਹਿਬ ਦੇ ਸਕੱਤਰ ਬਲਵਿੰਦਰ ਸਿੰਘ ਦਦੇਹਰ ਸਾਹਿਬ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਆਗੂ ਲਵਪ੍ਰੀਤ ਸਿੰਘ ਮਾੜੀਮੇਘਾ ਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਬਲਬੀਰ ਸਿੰਘ ਪਰਵਾਨਾ ਨੇ ਕਿਹਾ ਕਿ ਅੱਜ ਦੇਸ਼ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਸਮੱਸਿਆ ਨੇ ਲੋਕਾਂ ਦੀ ਕਮਰ ਤੋੜੀ ਪਈ ਹੈ।