ਹਰਜੀਤ ਸਿੰਘ ਪਰਮਾਰ
ਬਟਾਲਾ, 1 ਅਪਰੈਲ
ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਕੁੱਝ ਵਿਅਕਤੀਆਂ ਨੇ ਅੱਜ ਲੋਕ ਇਨਸਾਫ਼ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਚਰਨਦੀਪ ਸਿੰਘ ਭਿੰਡਰ ਦੀ ਅਗਵਾਈ ਵਿੱਚ ਐੱਸਐੱਸਪੀ ਦਫ਼ਤਰ ਬਟਾਲਾ ਅੱਗੇ ਧਰਨਾ ਦਿੱਤਾ ਅਤੇ ਟਰੈਵਲ ਏਜੰਟਾਂ ਖਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਚਰਨਦੀਪ ਸਿੰਘ ਭਿੰਡਰ ਨੇ ਕਿਹਾ ਕਿ ਟਰੈਵਲ ਏਜੰਟ ਮੋਹਨ ਸਿੰਘ ਮੋਹਣੀ ਅਤੇ ਸ਼ੁਭਮ ਭਗਤ ਨੇ ਆਪਣੇ ਦਫ਼ਤਰ ਅਤੇ ਘਰ ਤੋਂ ਹੀ ਲੋਕਾਂ ਨੂੰ ਵੱਖ-ਵੱਖ ਦੇਸ਼ਾਂ ਦੇ ਨਕਲੀ ਵੀਜ਼ੇ ਅਤੇ ਹਵਾਈ ਟਿਕਟਾਂ ਦੇ ਕੇ ਕਈ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ ਜਦਕਿ ਪੁਲੀਸ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ। ਠੱਗੀ ਦਾ ਸ਼ਿਕਾਰ ਹੋਏ ਹਰੀ ਸਿੰਘ ਵਾਸੀ ਅੱਤੇਪੁਰ ਨੇ ਕਿਹਾ ਕਿ ਉਸ ਨੇ ਵਿਦੇਸ਼ ਜਾਣ ਲਈ ਉਕਤ ਏਜੰਟਾਂ ਨੂੰ ਕਰੀਬ ਸਾਢੇ ਸੱਤ ਲੱਖ ਰੁਪਏ ਦਿੱਤੇ ਪਰ ਉਕਤ ਏਜੰਟਾਂ ਨੇ ਉਸ ਨੂੰ ਜਾਅਲੀ ਵੀਜ਼ਾ ਲਗਵਾ ਦਿੱਤਾ ਜਿਸ ਸਬੰਧੀ ਉਸ ਨੇ ਲੰਘੇ ਨਵੰਬਰ ਮਹੀਨੇ ਵਿੱਚ ਪੁਲੀਸ ਕੋਲ ਸ਼ਿਕਾਇਤ ਕੀਤੀ ਪਰ ਉਸ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਦੋਸ਼ ਲਾਏ ਕਿ ਪੁਲੀਸ ਦੇ ਈਓ ਵਿੰਗ ਦਾ ਇੰਚਾਰਜ ਜਰਨੈਲ ਸਿੰਘ ਉਕਤ ਏਜੰਟਾਂ ਨਾਲ ਮਿਲਿਆ ਹੋਇਆ ਹੈ ਅਤੇ ਉਲਟਾ ਉਨ੍ਹਾਂ ਨਾਲ ਹੀ ਬਦਤਮੀਜ਼ੀ ਕਰਦਾ ਹੈ। ਇੱਕ ਹੌਰ ਪੀੜਤ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਜਸ਼ਨਪ੍ਰੀਤ ਸਿੰਘ ਨੂੰ ਰੂਸ ਭੇਜਣ ਲਈ ਉਕਤ ਏਜੰਟਾਂ ਨੂੰ ਕਰੀਬ ਡੇਢ ਲੱਖ ਰੁਪਏ ਦਿੱਤੇ ਸਨ ਪਰ ਉਕਤ ਏਜੰਟ ਠੱਗੀ ਮਾਰ ਕੇ ਰਫੂ ਚੱਕਰ ਹੋ ਗਏ। ਇਕੱਤਰ ਹੋਰ ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੇ ਵੀ ਕਾਫੀ ਸਮਾਂ ਪਹਿਲਾਂ ਬਟਾਲਾ ਪੁਲੀਸ ਨੂੰ ਉਕਤ ਏਜੰਟਾਂ ਖਿਲਾਫ਼ ਸ਼ਿਕਾਇਤ ਦਿੱਤੀਆਂ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਧਰਨੇ ਦੌਰਾਨ 40 ਦੇ ਕਰੀਬ ਨੌਜਵਾਨ ਇਕੱਠੇ ਹੋਏ ਜੋ ਸਾਰੇ ਉਕਤ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਪੁਲੀਸ ਕੋਲ ਵੀ ਏਜੰਟਾਂ ਖਿਲਾਫ਼ ਸ਼ਿਕਾਇਤਾਂ ਚੱਲ ਰਹੀਆਂ ਹਨ।
ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਡੀਐੱਸਪੀ ਸਿਟੀ ਦੇਵ ਸਿੰਘ ਮੌਕੇ ’ਤੇ ਪਹੁੰਚੇ ਅਤੇ ਪੀੜਤਾਂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦਿਵਾਉਣ ਦੀ ਭਰੋਸਾ ਦਿੱਤਾ ਤਾਂ ਧਰਨਾਕਾਰੀਆਂ ਨੇ ਧਰਨਾ ਖਤਮ ਕੀਤਾ। ਇਸ ਸਬੰਧੀ ਈਓ ਵਿੰਗ ਦੇ ਇੰਚਾਰਜ ਜਰਨੈਲ ਸਿੰਘ ਨਾਲ ਫੋਨ ’ਤੇ ਗੱਲ ਕਰਨ ’ਤੇ ਕਿਹਾ ਕਿ ਉਹ ਛੁੱਟੀ ’ਤੇ ਹਨ ਅਤੇ ਸ਼ਿਕਾਇਤਾਂ ’ਤੇ ਕਾਰਵਾਈ ਚੱਲ ਰਹੀ ਹੈ।