ਪੱਤਰ ਪ੍ਰੇਰਕ
ਮੁਕੇਰੀਆਂ, 10 ਜੁਲਾਈ
ਕਾਲਜ ਪ੍ਰੋਫੈਸਰ ਦੀ ਬਰਖਾਸਤਗੀ ਦੇ ਰੋਸ ਵਜੋਂ ਐਸੋਸੀਏਸ਼ਨ ਆਫ ਅਨ ਏਡਿਡ ਕਾਲਜ ਅਧਿਆਪਕ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਸਥਾਨਕ ਐੱਸ.ਪੀ.ਐੱਨ. ਕਾਲਜ ਕਮੇਟੀ ਵਿਰੁੱਧ ਲਾਇਆ ਧਰਨਾ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨਕਾਰੀਆਂ ਨੇ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਦਾ ਚਿੱਠਾ ਸ਼ਹਿਰ ਦੇ ਘਰ ਘਰ ਪ੍ਰਚਾਰਨ ਦਾ ਫੈਸਲਾ ਕੀਤਾ। ਇਸ ਮੌਕੇ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਦੇ ਉਂਕਾਰ ਸਿੰਘ ਭੰਗਾਲਾ ਤੇ ਸਮਾਜ ਸੇਵੀ ਨਰਿੰਦਰ ਸਿੰਘ ਮੁਲਤਾਨੀ ਨੇ ਵੀ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਕਾਲਜ ਕਮੇਟੀ ਵਲੋਂ ਕਾਲਜ ਦੇ ਸਹਾਇਕ ਪ੍ਰੋਫੈਸਰ ਤਰੁਣ ਘਈ ਨੂੰ ਬੀਤੀ 23 ਜੂਨ ਨੂੰ ਬਿਨਾਂ ਕਿਸੇ ਨੋਟਿਸ ਬਰਖਾਸਤ ਕਰ ਦਿੱਤਾ ਸੀ, ਜਿਸ ਦੇ ਖਿਲਾਫ਼ ਜਥੇਬੰਦੀ ਦੀ ਸਹਾਇਤਾ ਨਾਲ ਕਾਲਜ ਕਮੇਟੀ ਖਿਲਾਫ਼ ਲਗਾਤਾਰ ਧਰਨਾ ਲਗਾਇਆ ਜਾ ਰਿਹਾ ਹੈ। ਐਸੋਸੀਏਸ਼ਨ ਦੇ ਸਕੱਤਰ ਪ੍ਰੋਫੈਸਰ ਹਰਜੀਤ ਸਿੰਘ ਨੇ ਦੱਸਿਆ ਕਿ ਜੇਕਰ ਪ੍ਰੋਫੈਸਰ ਤਰੁਣ ਘਈ ਦੀ ਬਰਖਾਸਤਗੀ ਤੁਰੰਤ ਰੱਦ ਨਾ ਕੀਤੀ ਗਈ ਤਾਂ ਅਗਲੇ ਹਫ਼ਤੇ ਮੁਕੇਰੀਆਂ ਸ਼ਹਿਰ ਦੇ ਮੁਹੱਲਿਆਂ ਅੰਦਰ ਘਰ ਘਰ ਜਾ ਕੇ ਸ਼ਹਿਰੀਆਂ ਨੂੰ ਕਾਲਜ ਪ੍ਰਿੰਸੀਪਲ ਅਤੇ ਮੈਨੇਜਮੈਂਟ ਦੀਆਂ ਬੇਨਿਯਮੀਆਂ ਦੱਸੀਆਂ ਜਾਣਗੀਆਂ।