ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 12 ਫਰਵਰੀ
ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਕਾਲੀ-ਬਸਪਾ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਪੰਜਾਬ ਨੂੰ ਦਿੱਲੀ ਮਾਡਲ ਦੀ ਨਹੀਂ, ਸਗੋਂ ਪੰਜਾਬ ਮਾਡਲ ਦੀ ਲੋੜ ਹੈ। ਪਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਦਿੱਲੀ ਮਾਡਲ ਲਾਗੂ ਕਰਨ ਦੀ ਗੱਲ ਆਖ ਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਹ ਪ੍ਰਗਟਾਵਾ ਉਨ੍ਹਾਂ ਪਿੰਡ ਬੱਲ ਵਿੱਚ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਾਲਾ ਸੂਬਾ ਹੈ, ਜੋ ਕੌਮਾਂਤਰੀ ਸਰਹੱਦ ਨਾਲ ਲੱਗਦਾ ਹੈ। ਪੰਜਾਬ ਵਿੱਚ ਸਰਹੱਦੀ ਚੁਣੌਤੀ ਹੋਣ ਦੇ ਨਾਲ-ਨਾਲ ਸੇਮ, ਹੜ੍ਹਾਂ ਦੀ ਮਾਰ ਤੇ ਸੋਕੇ ਵਰਗੀਆਂ ਕਈ ਸਮੱਸਿਆਵਾਂ ਸਣੇ ਹਰੇਕ ਇਲਾਕੇ ਦੀ ਸਮੱਸਿਆ ਵੱਖੋ-ਵੱਖਰੀ ਹੈ। ਦਿੱਲੀ ਮਾਡਲ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਦਾ।
ਪੁੱਤਰ ਤੇ ਪਤਨੀ ਵੱਲੋਂ ਘਰ ਘਰ ਪ੍ਰਚਾਰ
ਕਾਹਨੂੰਵਾਨ/ਬਟਾਲਾ/ਕਾਦੀਆਂ(ਪੱਤਰ ਪ੍ਰੇਰਕ /ਨਿਜੀ ਪੱਤਰ ਪ੍ਰੇਰਕ): ਗੁਰਇਕਬਾਲ ਸਿੰਘ ਮਾਹਲ ਦੇ ਹੱਕ ਵਿਚ ਅੱਜ ਉਨ੍ਹਾਂ ਦੇ ਪੁੱਤਰ ਕਰਨਬੀਰ ਸਿੰਘ ਮਾਹਲ ਤੇ ਪਤਨੀ ਰਣਜੀਤ ਕੌਰ ਮਾਹਲ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਆਉਣ ’ਤੇ ਕਾਦੀਆਂ ਹਲਕੇ ਦੇ ਪਿੰਡਾਂ ਵਿਚ ਪਾਣੀ ਦੀ ਨਿਕਾਸੀ, ਸੜਕਾਂ, ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਹਾਲਤ ਦਰੁਸਤ ਕੀਤੀ ਜਾਵੇਗੀ।