ਐਨਪੀ ਧਵਨ
ਪਠਾਨਕੋਟ, 1 ਫਰਵਰੀ
‘ਗੁਰਦਾਸਪੁਰ ਸੰਸਦੀ ਹਲਕੇ ਦੇ ਸੰਸਦ ਮੈਂਬਰ ਅਤੇ ਫਿਲਮੀ ਅਦਾਕਾਰ ਸਨੀ ਦਿਓਲ ਦੀ ਹਲਕੇ ਵਿੱਚੋਂ ਲੰਬੇ ਸਮੇਂ ਤੋਂ ਹੋ ਰਹੀ ਗੈਰਹਾਜ਼ਰੀ ਨੂੰ ਲੈ ਕੇ ਇਸ ਸੰਸਦੀ ਹਲਕੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।’ ਇਹ ਦਾਅਵਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਭੋਆ ਦੇ ਉਮੀਦਵਾਰ ਲਾਲ ਚੰਦ ਕਟਾਰੂਚੱਕ ਨੇ ਕੀ਼ਤਾ।
ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਨੀ ਦਿਓਲ ਆਪਣੇ ਗਲੈਮਰ ਸਦਕਾ ਸਾਲ 2019 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਰਾਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ 77 ਹਜ਼ਾਰ ਵੋਟਾਂ ਦੇ ਅੰਤਰ ਨਾਲ ਹਰਾ ਕੇ ਚੁਣੇ ਗਏ ਸਨ। ਉਸ ਵੇਲੇ ਚੋਣ ਪ੍ਰਚਾਰ ਦੌਰਾਨ ਸਨੀ ਦਿਓਲ ਨੇ ਪਠਾਨਕੋਟ, ਗੁਰਦਾਸਪੁਰ ਖੇਤਰ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲੁਭਾਵਨੇ ਨਾਅਰੇ ਦਿੱਤੇ ਅਤੇ ਕਿਹਾ ਸੀ ਕਿ ਉਹ ਵੀ ਮਰਹੂਮ ਵਿਨੋਦ ਖੰਨਾ ਦੀ ਤਰ੍ਹਾਂ ਹਲਕੇ ਅੰਦਰ ਐਸੇ ਵਿਕਾਸ ਕਾਰਜ ਕਰਾਏਗਾ ਅਤੇ ਨਵੇਂ ਪ੍ਰਾਜੈਕਟ ਲਿਆਏਗਾ ਕਿ ਉਨ੍ਹਾਂ ਨੂੰ ਦੁਨੀਆਂ ਯਾਦ ਕਰੇਗੀ।
ਪਰ ਹੈਰਾਨੀ ਦੀ ਗੱਲ ਹੈ ਕਿ ਸਨੀ ਦਿਓਲ ਦੇ ਸੰਸਦ ਮੈਂਬਰ ਬਣੇ ਨੂੰ ਪੌਣੇ ਤਿੰਨ ਸਾਲ ਹੋ ਗਏ ਹਨ ਅਤੇ ਉਸ ਦੇ ਦਰਸ਼ਨਾਂ ਨੂੰ ਹਲਕੇ ਦੇ ਲੋਕ ਤਰਸ ਗਏ ਹਨ। ਸ੍ਰੀ ਕਟਾਰੂਚੱਕ ਨੇ ਅੱਗੇ ਕਿਹਾ ਕਿ ਨਾ ਤਾਂ ਸਨੀ ਦਿਓਲ ਨੇ ਕਰੋਨਾ ਕਾਲ ਦੀ ਬਿਪਤਾ ਸਮੇਂ, ਨਾ ਹੀ ਕਿਸਾਨ ਅੰਦੋਲਨ ਸਮੇਂ ਅਤੇ ਨਾ ਹੀ ਨਗਰ ਕੌਂਸਲਾਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਸਮੇਂ ਆਪਣੇ ਹਲਕੇ ਅੰਦਰ ਆਇਆ ਹੈ।
ਜੇਕਰ ਇੱਕ-ਦੋ ਵਾਰ ਕਦੇ-ਕਦਾਈਂ ਆਇਆ ਵੀ ਤਾਂ ਉਹ ਅਧਿਕਾਰੀਆਂ ਨੂੰ ਮਹਿਜ਼ ਮਿਲ ਕੇ ਫੁਰਰ ਹੋ ਜਾਂਦਾ ਰਿਹਾ ਹੈ। ਕਦੇ ਵੀ ਉਸ ਨੇ ਪਿੰਡਾਂ ਵਿੱਚ ਜਾ ਕੇ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ। ਸ੍ਰੀ ਕਟਾਰੂਚੱਕ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਅਜਿਹੀ ਪਾਰਟੀ ਜੋ ਐਸੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਮਹਿਜ਼ ਵੋਟਾਂ ਲੈਣ ਲਈ ਉਤਾਰਦੀ ਹੈ, ਅਜਿਹੀ ਪਾਰਟੀ ਦੇ ਉਮੀਦਵਾਰਾਂ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਸਬਕ ਜ਼ਰੂਰ ਸਿਖਾਉਣਾ ਚਾਹੀਦਾ ਹੈ।