ਐਨ.ਪੀ.ਧਵਨ
ਪਠਾਨਕੋਟ, 23 ਅਕਤੂਬਰ
ਦੁਸਹਿਰਾ, ਦੀਵਾਲੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਅੰਦਰ ਦੁਕਾਨਦਾਰਾਂ ਨੇ ਪਟਾਖਿਆਂ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਅੱਜ ਥਾਣਾ ਡਵੀਜ਼ਨ ਨੰਬਰ 2, ਦੀ ਪੁਲੀਸ ਨੇ ਇਥੇ ਢਾਕੀ ਰੋਡ ਤੇ ਰਿਹਾਇਸ਼ੀ ਖੇਤਰ ਸਵਾਸਤਿਕ ਐਨਕਲੇਵ ਵਿੱਚ ਇੱਕ ਗੁਦਾਮ ’ਚ ਛਾਪਾ ਮਾਰ ਕੇ ਉਥੇ ਨਾਜਾਇਜ਼ ਰੂਪ ਵਿੱਚ ਸਟੋਰ ਕੀਤੇ ਹੋਏ ਭਾਰੀ ਗਿਣਤੀ ਵਿੱਚ ਪਟਾਖੇ ਬਰਾਮਦ ਕੀਤੇ ਹਨ। ਗੁਦਾਮ ਦੇ ਮਾਲਕ ਕੋਲ ਕੋਈ ਵੀ ਲਾਇਸੈਂਸ ਨਹੀਂ ਸੀ ਅਤੇ ਨਾ ਹੀ ਕੋਈ ਮਨਜ਼ੂਰੀ। ਉਹ ਇਥੇ ਨਾਜਾਇਜ਼ ਰੂਪ ਵਿੱਚ ਪਟਾਖੇ ਸਟੋਰ ਕਰਕੇ ਰਿਹਾਇਸ਼ੀ ਖੇਤਰ ਵਿੱਚ ਮਨੁੱਖੀ ਜਿੰਦਗੀਆਂ ਨਾਲ ਖਿਲਵਾੜ ਕਰ ਰਿਹਾ ਸੀ। ਉਸ ਉਪਰ ਪਹਿਲਾਂ ਵੀ ਨਾਜਾਇਜ਼ ਰੂਪ ਵਿੱਚ ਪਟਾਖੇ ਸਟੋਰ ਕਰਨ ਦਾ ਮਾਮਲਾ ਦਰਜ ਹੈ। ਉਕਤ ਮਾਲਕ ਦਾ ਨਾਂ ਰਮਨ ਕੁਮਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਢਾਕੀ ਰੋਡ ’ਤੇ ਦੁਕਾਨ ਵੀ ਹੈ। ਥਾਣਾ ਮੁਖੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਜਦੋਂ ਛਾਪਾ ਮਾਰਿਆ ਤੇ ਗੁਦਾਮ ਵਿੱਚ ਜਮ੍ਹਾ ਕੀਤੇ ਹੋਏ ਪਟਾਖਿਆਂ ਨਾਲ 2 ਟਰੱਕ ਟਾਟਾ 407 ਭਰ ਗਏ। ਜਿੰਨ੍ਹਾਂ ਨੂੰ ਕਬਜੇ ਵਿੱਚ ਲੈ ਲਿਆ ਗਿਆ ਅਤੇ ਪਟਾਖਿਆਂ ਨੂੰ ਸਟੋਰ ਕਰਨ ਵਾਲੇ ਮੁਲਜ਼ਮ ਰਮਨ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।