ਐੱਨਪੀ ਧਵਨ
ਪਠਾਨਕੋਟ, 3 ਮਈ
ਪਠਾਨਕੋਟ ਜ਼ਿਲ੍ਹੇ ਅੰਦਰ ਅੱਜ ਸਵੇਰੇ ਹੋਈ ਬਾਰਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਧਾਰ ਕਲਾਂ ਖੇਤਰ ਅੰਦਰ ਤਾਂ ਗੜ੍ਹੇ ਵੀ ਪਏ ਹਨ। ਜਿਸ ਨਾਲ ਸਾਰਾ ਦਿਨ ਮੌਸਮ ਖੁਸ਼ਗਵਾਰ ਬਣਿਆ ਰਿਹਾ ਪਰ ਉਸ ਦੇ ਬਾਅਦ ਚੱਲੇ ਤੂਫਾਨ ਨਾਲ ਖੇਤਰ ਵਿੱਚ ਬਿਜਲੀ ਸਪਲਾਈ ਬੰਦ ਹੋ ਗਈ। ਇਸ ਦੇ ਇਲਾਵਾ ਸੁਜਾਨਪੁਰ ਦੀ ਆਬਾਦੀ ਕੈਲਾਸ਼ਪੁਰ ਵਿੱਚ ਤੇਜ਼ ਬਰਸਾਤ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਘਰ ਦੀ ਛੱਤ ਦਾ ਕੁੱਝ ਹਿੱਸਾ ਘਟਨਾਗ੍ਰਸਤ ਹੋ ਗਿਆ ਅਤੇ ਇਸ ਆਬਾਦੀ ਦੇ ਕਈ ਘਰਾਂ ਦੇ ਬਿਜਲੀ ਉਪਕਰਨ ਸੜ ਗਏ। ਧਾਰ ਖੇਤਰ ਦੇ ਵਾਸੀ ਰਵੀ ਕੁਮਾਰ, ਬਲਦੇਵ ਠਾਕੁਰ, ਸ਼ਾਮ ਲਾਲ, ਅਸ਼ੋਕ ਕੁਮਾਰ, ਸੁਭਾਸ਼ ਚੰਦਰ ਆਦਿ ਨੇ ਦੱਸਿਆ ਕਿ ਗੜ੍ਹੇ ਪੈਣ ਨਾਲ ਭਾਵੇਂ ਮੌਸਮ ਖੁਸ਼ਨੁਮਾ ਹੋ ਗਿਆ ਪਰ ਇਸ ਗੜ੍ਹੇਮਾਰੀ ਨਾਲ ਅੰਬ ਦੀ ਫਸਲ ਨੂੰ ਨੁਕਸਾਨ ਪਹੁੰਚੇਗਾ। ਮੀਂਹ ਅਤੇ ਹਨੇਰੀ ਨੇ ਬਾਗਬਾਨਾਂ ਦੇ ਚਿਹਰੇ ਫਿੱਕੇ ਪਾ ਦਿੱਤੇ ਪਰ ਆਮ ਲੋਕਾਂ ਨੇ ਬੇਹੱਦ ਰਾਹਤ ਮਹਿਸੂਸ ਕੀਤੀ ਹੈ। ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਕਾਰਨ ਕਈ ਦਿਨ ਤੋਂ ਗਰਮੀ ਨੇ ਲੋਕਾਂ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਸੀ।
ਅਸਮਾਨੀ ਬਿਜਲੀ ਡਿੱਗਣ ਨਾਲ ਘਰ ਨੂੰ ਪੁੱਜਾ ਨੁਕਸਾਨ; ਘਰੇਲੂ ਉਪਕਰਨ ਸੜੇ
ਪਠਾਨਕੋਟ: ਸੁਜਾਨਪੁਰ ਦੀ ਆਬਾਦੀ ਕੈਲਾਸ਼ਪੁਰ ਦੇ ਵਾਸੀ ਬਲਵੰਤ ਰਾਏ ਅਤੇ ਉਸ ਦੀ ਪਤਨੀ ਕਾਂਤਾ ਰਾਣੀ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਉਹ ਆਪਣੇ ਵਰਾਂਡੇ ਵਿੱਚ ਬੈਠੇ ਹੋਏ ਸਨ। ਤੇਜ਼ ਬਾਰਸ਼ ਹੋ ਰਹੀ ਸੀ ਕਿ ਇਸ ਦੌਰਾਨ ਬਿਜਲੀ ਗਰਜ਼ੀ ਅਤੇ ਅਸਮਾਨੀ ਬਿਜਲੀ ਘਰ ਦੀ ਛੱਤ ਦੇ ਇੱਕ ਹਿੱਸੇ ਨੂੰ ਚੀਰਦੀ ਹੋਈ ਨਿਕਲ ਗਈ। ਬਿਜਲੀ ਡਿੱਗਣ ਨਾਲ ਘਰ ਦੀ ਛੱਤ ਦੇ ਇੱਕ ਹਿੱਸੇ ਵਿੱਚ ਸੁਰਾਖ਼ ਹੋ ਗਿਆ ਅਤੇ ਬਿਜਲੀ ਦੀ ਤਾਰ ਵੀ ਸੜ ਗਈ। ਬਿਜਲੀ ਡਿੱਗਣ ਦੀ ਘਟਨਾ ਨਾਲ ਪੂਰਾ ਪਰਿਵਾਰ ਸਹਿਮ ਗਿਆ। ਇਸੇ ਤਰ੍ਹਾਂ ਪਿੰਡ ਵਾਸੀ ਬੋਧਰਾਜ ਦਾ ਇਨਵਰਟਰ, ਕਰਤਾਰ ਚੰਦ ਦੀ ਐੱਲਈਡੀ, ਰਮੇਸ਼ ਕੁਮਾਰ ਫੌਜੀ ਦੀ ਐੱਲਈਡੀ, ਕਰਮਚੰਦ ਦਾ ਪੱਖਾ ਤੇ ਹੋਰ ਕਾਫੀ ਘਰਾਂ ਦੇ ਬਿਜਲੀ ਉਪਕਰਨ ਸੜ ਗਏ।ਇਸ ਤਰ੍ਹਾਂ ਜਿੱਥੇ ਮੀਂਹ ਆਮ ਲੋਕਾਂ ਲਈ ਰਾਹਤ ਲੈ ਕੇ ਆਇਆ ਉੱਥੇ ਇਸ ਘਰ ਦੇ ਮਾਲਕ ਲਈ ਬਿਪਤਾ ਸਿੱਧ ਹੋਇਆ ਹੈ।