ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 29 ਜੁਲਾਈ
ਇਲਾਕੇ ਵਿੱਚ ਦੇਰ ਰਾਤ ਭਾਰੀ ਮੀਂਹ ਪੈਣ ਕਾਰਨ ਦੋ ਲੋੜਵੰਦ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਹਨ। ਵੇਰਵਿਆਂ ਅਨੁਸਾਰ ਕਸਬਾ ਫਤਿਆਬਾਦ ਵਿੱਚ ਮਾੜੀ ਆਰਥਿਕ ਹਾਲਤ ਵਿਚ ਜੀਵਨ ਬਸਰ ਕਰ ਰਹੇ ਦੋ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ। ਇਨ੍ਹਾਂ ਪਰਿਵਾਰਾਂ ਕੋਲ ਹੁਣ ਕੋਈ ਘਰ ਬੂਹਾ ਨਹੀਂ ਰਿਹਾ ਅਤੇ ਦੋਨੋਂ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਦਿਨ ਕੱਟ ਰਹੇ ਹਨ। ਕਸਬਾ ਫਤਿਆਬਾਦ ਵਾਸੀ ਬਲਜੀਤ ਕੌਰ ਪਤਨੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਇਕੋ ਕਮਰਾ ਸੀ ਜਿਸ ਦੀ ਛੱਤ ਭਾਰੀ ਮੀਂਹ ਨਾਲ ਡਿੱਗ ਗਈ ਹੈ। ਹੁਣ ਪਰਿਵਾਰ ਕੋਲ ਰਾਤ ਕੱਟਣ ਲਈ ਵੀ ਜਗ੍ਹਾ ਨਹੀਂ ਹੈ। ਬਲਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਇਕ ਬਾਂਹ ਕੱਟੀ ਹੋਈ ਹੈ ਜਿਸ ਕਾਰਨ ਉਹ ਕੰਮ ਨਹੀਂ ਕਰ ਪਾਉਂਦਾ। ਬੀਤੇ ਸਾਲ ਉਨ੍ਹਾਂ ਦੇ ਇਕਲੌਤੇ ਲੜਕੇ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਨੂੰਹ ਤਿੰਨ ਬੱਚੀਆਂ ਨੂੰ ਛੱਡ ਕੇ ਕਿਤੇ ਚਲੀ ਗਈ ਸੀ। ਹੁਣ ਪੂਰੇ ਪਰਿਵਾਰ ਦਾ ਸਹਾਰਾ ਇਕੱਲੀ ਬਲਜੀਤ ਕੌਰ ਹੀ ਹੈ ਅਤੇ ਘਰਾਂ ਵਿਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ। ਇਸੇ ਤਰ੍ਹਾਂ ਹੀ ਕਸ਼ਮੀਰ ਸਿੰਘ ਦੇ ਘਰ ਦੀ ਕੰਧ ਭਾਰੀ ਬਰਸਾਤ ਕਾਰਨ ਢਹਿ ਢੇਰੀ ਹੋ ਗਈ ਹੈ। ਕੰਧ ਡਿੱਗਣ ਨਾਲ ਪੌੜੀਆਂ ਅਤੇ ਹੋਰ ਸਾਮਾਨ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ।
ਇਸ ਮੌਕੇ ਪਿੰਡ ਵਾਸੀਆਂ ਵੱਲੋ ਸਰਕਾਰ ਅਤੇ ਪ੍ਰਸ਼ਾਸਨ ਨੂੰ ਦੋਹਾਂ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਦੀ ਗੁਹਾਰ ਲਾਈ ਗਈ ਹੈ ਤਾਂ ਕਿ ਉਹ ਆਪਣੇ ਢਹੇ ਹੋਏ ਆਸ਼ਿਆਨੇ ਮੁੜ ਉਸਾਰ ਸਕਣ।