ਪੱਤਰ ਪ੍ਰੇਰਕ
ਤਰਨ ਤਾਰਨ, 1 ਨਵੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੀ ਸਥਾਨਕ ਜ਼ਿਲ੍ਹਾ ਕਮੇਟੀ ਦੀ ਅੱਜ ਮੀਟਿੰਗ ਗੁਰਦੁਆਰਾ ਬਾਬਾ ਕਾਹਨ ਸਿੰਘ, ਪਿੱਦੀ ਵਿੱਚ ਹੋਈ। ਇਸ ਮੌਕੇ ਜ਼ਿਲ੍ਹੇ ਅੰਦਰ ਸਾਜਿਸ਼ ਤਹਿਤ ਡੀਏਪੀ ਖਾਦ ਦੀ ਘਾਟ ਪੈਦਾ ਕਰਕੇ ਕਿਸਾਨ ਨੂੰ ਖਾਦ ਦੇ ਨਾਲ 500 ਰੁਪਏ ਦੀ ਕੀਮਤ ਦੀਆਂ ਬੇਲੋੜੀਆਂ ਵਸਤਾਂ ਲੈਣ ਲਈ ਮਜਬੂਰ ਕਰਨ ਦੀ ਨਿਖੇਧੀ ਕੀਤੀ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਵਿੱਚ ਕੀਤੀ ਇਸ ਮੀਟਿੰਗ ਨੂੰ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਸੰਬੋਧਨ ਕਰਦਿਆਂ ਦਿੱਲੀ ਤੋਂ ਕਿਸਾਨਾਂ ਦਾ ਮੋਰਚਾ ਚੁਕਵਾਉਣ ਮੌਕੇ ਕਿਸਾਨਾਂ ਨਾਲ ਕੀਤੇ ਵਾਅਦੇ ਅੱਜ ਤੱਕ ਵੀ ਪੂਰੇ ਨਾ ਕਰਨ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀਆਂ ਨੀਤੀਆਂ ਖਿਲਾਫ਼ ਜਾਗਰੂਕ ਕੀਤਾ| ਇਸ ਮੌਕੇ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਵੀ ਕੀਤੀ ਗਈ।
ਉਨ੍ਹਾਂ ਕਿਸਾਨਾਂ ਨੂੰ 26 ਨਵੰਬਰ ਤੋਂ ਸੂਬਾ ਭਰ ਅੰਦਰ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ ਅਣਮਿਥੇ ਸਮੇਂ ਦੇ ਮੋਰਚਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਵੀ ਅਪੀਲ ਕੀਤੀ| ਇਸ ਹਰਜਿੰਦਰ ਸਿੰਘ ਸ਼ਕਰੀ, ਜਰਨੈਲ ਸਿੰਘ ਨੂਰਦੀ, ਫਤਹਿ ਸਿੰਘ ਪਿੱਦੀ, ਦਿਆਲਾ ਸਿੰਘ ਮੀਆਵਿੰਡ, ਰੇਸ਼ਮ ਸਿੰਘ ਘੁਰਕਵਿੰਡ, ਹਰਬਿੰਦਰ ਸਿੰਘ ਕੰਗ, ਧੰਨਾ ਸਿੰਘ ਲਾਲੂਘੁਮਣ, ਸਲਵਿੰਦਰ ਸਿੰਘ ਜੀਉਬਾਲਾ, ਜਵਾਹਰ ਸਿੰਘ ਟਾਂਡਾ ਨੇ ਵੀ ਸੰਬੋਧਨ ਕੀਤਾ|