ਪੱਤਰ ਪ੍ਰੇਰਕ
ਰਈਆ, 13 ਦਸੰਬਰ
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਸਨਮਾਨ ਸਮਾਗਮ ਸਥਾਨਕ ਅੰਮ੍ਰਿਤ ਏ.ਸੀ. ਹਾਲ, ਬਾਬਾ ਬਕਾਲਾ ਸਾਹਿਬ ਵਿੱਚ ਕਰਵਾਇਆ ਗਿਆ। ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਵਿਭਾਗ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ, ਸਾਬਕਾ ਪ੍ਰੋਡਿਊਸਰ ਕੁਲਵਿੰਦਰ ਬੁੱਟਰ, ਸਮਾਜ ਸੇਵੀ ਬਿਕਰਮਜੀਤ ਸਿੰਘ ਮੱਲ੍ਹੀ, ਗੀਤਕਾਰ ਤੇਜਵੰਤ ਬੱਲ, ਕਵਿੱਤਰੀ ਲਾਡੀ ਭੁੱਲਰ, ਸੁਰਿੰਦਰ ਸਿੰਘ ,ਪ੍ਰਤਾਪ ਪਾਰਸ ਗੁਰਦਾਸਪੁਰੀ, ਕਹਾਣੀਕਾਰ ਤਰਸੇਮ ਸਿੰਘ ਭੰਗੂ, ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਅਤੇ ਦਿਲਰਾਜ ਸਿੰਘ ਦਰਦੀ ਹਾਜ਼ਰ ਹੋਏ। ਇਸ ਮੌਕੇ ਮਰਹੂਮ ਗੁਰਚਰਨ ਸਿੰਘ ਭੋਰਛੀ ਰਾਜਪੂਤਾਂ ਯਾਦਗਾਰੀ ਐਵਾਰਡ ਉੱਘੇ ਲੇਖਕ, ਪੱਤਰਕਾਰ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਦਿੱਤਾ ਗਿਆ, ਸਾਹਿਤਕ ਖੇਤਰ ਵਿੱਚ ਕਵਿੱਤਰੀ ਲਾਡੀ ਭੁੱਲਰ ਅਤੇ ਸਮਾਜਿਕ ਖੇਤਰ ਵਿੱਚ ਇਹ ਐਵਾਰਡ ਨਵਤੇਜ ਸਿੰਘ ਮੱਲ੍ਹੀ ਨੂੰ ਦਿੱਤਾ ਗਿਆ। ਇਸੇ ਦੌਰਾਨ ਪੰਜਾਬੀ ਬੋਲੀ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਦਿਵਨੂਰ ਬੁੱਟਰ, ਮਨਜੀਤ ਕੌਰ ਮਠਾੜੂ ਜਲੰਧਰ, ਸਿਮਰਨਜੀਤ ਕੌਰ ਭਿੰਡਰ, ਮਾਰੂ ਬੇਦੀ ਦਿੱਲੀ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ।