ਕੇ.ਪੀ ਸਿੰਘ
ਗੁਰਦਾਸਪੁਰ, 4 ਜੂਨ
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਜੇਤੂ ਐਲਾਨੇ ਜਾਣ ਮਗਰੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਸਥਾਨਕ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਦੇ ਨਾਲ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਪਹੁੰਚੇ ਅਤੇ ਮੱਥਾ ਟੇਕਿਆ| ਸੁਖਜਿੰਦਰ ਸਿੰਘ ਰੰਧਾਵਾ ਆਪਣੀ ਜਿੱਤ ਦਾ ਸਿਹਰਾ ਸਮੂਹ ਕਾਂਗਰਸ ਲੀਡਰਸ਼ਿਪ ਨੂੰ ਦੇਣ ਤੋਂ ਬਾਅਦ ਰੰਧਾਵਾ ਵਿਧਾਇਕ ਪਾਹੜਾ ਦੇ ਨਾਲ ਖੁੱਲ੍ਹੀ ਜੀਪ ‘ਚ ਰੋਡ ਸ਼ੋਅ ਕਰਦੇ ਹੋਏ ਗੁਰਦਾਸਪੁਰ ਸ਼ਹਿਰ ਪਹੁੰਚੇ। ਜਿੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਹਨੂਮਾਨ ਮੰਦਰ ‘ਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਇਕ ਪਾਹੜਾ ਦੀ ਰਿਹਾਇਸ਼ ’ਤੇ ਪਹੁੰਚ ਕੇ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ| ਇਸ ਮਗਰੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਪਾਹੜਾ ਮੱਥਾ ਟੇਕਣ ਲਈ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਪੁੱਜੇ ਅਤੇ ਉੱਥੋਂ ਵਾਪਸ ਆਉਣ ਮਗਰੋਂ ਉਹ ਸੁਖਜਿੰਦਰਾ ਕਾਲਜ ਵਿੱਚ ਜਿੱਤ ਦਾ ਸਰਟੀਫਿਕੇਟ ਲੈਣ ਗਏ। ਇਸ ਮੌਕੇ ਉਨ੍ਹਾਂ ਦੇ ਸਮਰਥਕ ਦੇ ਪ੍ਰਸ਼ੰਸਕ ਵੱਡੀ ਗਿਣਤੀ ’ਚ ਹਾਜ਼ਰ ਸਨ।
ਰੰਧਾਵਾ ਤੇ ਕਲਸੀ ਪਠਾਨਕੋਟ, ਭੋਆ ਤੇ ਸੁਜਾਨਪੁਰ ’ਚ ਹਰ ਰਾਊਂਡ ’ਚੋਂ ਪਛੜੇ
ਪਠਾਨਕੋਟ (ਪੱਤਰ ਪ੍ਰੇਰਕ): ਪਠਾਨਕੋਟ, ਭੋਆ ਅਤੇ ਸੁਜਾਨਪੁਰ ਵਿਧਾਨ ਸਭਾ ਹਲਕਿਆਂ ਦੇ ਚੋਣ ਨਤੀਜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਆਮ ਆਦਮੀ ਪਾਰਟੀ ਦੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤਿੰਨਾਂ ਹੀ ਹਲਕਿਆਂ ਦੇ ਹਰ ਰਾਊਂਡ ਵਿੱਚ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਤੋਂ ਪਛੜਦੇ ਰਹੇ। ਪਠਾਨਕੋਟ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤਾਂ ਪਹਿਲੇ ਰਾਊਂਡ ਵਿੱਚ ਦਿਨੇਸ਼ ਸਿੰਘ ਬੱਬੂ ਨੇ 4564 ਜਦ ਕਿ ਸੁਖਜਿੰਦਰ ਰੰਧਾਵਾ ਨੇ 2822 ਵੋਟਾਂ ਤੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ 1964 ਵੋਟਾਂ ਪ੍ਰਾਪਤ ਕੀਤੀਆਂ। ਇਸੇ ਤਰ੍ਹਾਂ ਦੂਸਰੇ ਰਾਊਂਡ ਵਿੱਚ ਦਿਨੇਸ਼ ਸਿੰਘ ਬੱਬੂ ਨੇ 4703 ਤੇ ਸੁਖਜਿੰਦਰ ਰੰਧਾਵਾ ਨੇ 2066, ਤੀਸਰੇ ਵਿੱਚ ਦਿਨੇਸ਼ ਬੱਬੂ ਨੇ 4964 ਤੇ ਸੁਖਜਿੰਦਰ ਰੰਧਾਵਾ ਨੇ 2691, ਚੌਥੇ ’ਚ ਦਿਨੇਸ਼ ਬੱਬੂ ਨੇ 4654 ਤੇ ਸੁਖਜਿੰਦਰ ਰੰਧਾਵਾ ਨੇ 2101, ਪੰਜਵੇਂ ਵਿੱਚ ਦਿਨੇਸ਼ ਬੱਬੂ ਨੇ 4498 ਤੇ ਸੁਖਜਿੰਦਰ ਰੰਧਾਵਾ ਨੇ 2220, ਛੇਵੇਂ ਵਿੱਚ ਦਿਨੇਸ਼ ਬੱਬੂ ਨੇ 4977 ਤੇ ਸੁਖਜਿੰਦਰ ਰੰਧਾਵਾ ਨੇ 3016, ਸੱਤਵੇਂ ਵਿੱਚ ਦਿਨੇਸ਼ ਬੱਬੂ ਨੇ 5165 ਤੇ ਸੁਖਜਿੰਦਰ ਰੰਧਾਵਾ ਨੇ 2005, ਅੱਠਵੇਂ ਵਿੱਚ ਦਿਨੇਸ਼ ਬੱਬੂ ਨੇ 4631 ਤੇ ਸੁਖਜਿੰਦਰ ਰੰਧਾਵਾ ਨੇ 1910, ਨੌਵੇਂ ਵਿੱਚ ਦਿਨੇਸ਼ ਬੱਬੂ ਨੇ 4039 ਤੇ ਸੁਖਜਿੰਦਰ ਰੰਧਾਵਾ ਨੇ 3511, ਦਸਵੇਂ ਵਿੱਚ ਦਿਨੇਸ਼ ਬੱਬੂ ਨੇ 3740 ਤੇ ਸੁਖਜਿੰਦਰ ਰੰਧਾਵਾ ਨੇ 3219, ਗਿਆਰਵੇਂ ਵਿੱਚ ਦਿਨੇਸ਼ ਬੱਬੂ ਨੇ 3869 ਤੇ ਸੁਖਜਿੰਦਰ ਰੰਧਾਵਾ ਨੇ 2932, ਬਾਰ੍ਹਵੇਂ ਵਿੱਚ ਦਿਨੇਸ਼ ਬੱਬੂ ਨੇ 2318 ਤੇ ਸੁਖਜਿੰਦਰ ਰੰਧਾਵਾ ਨੇ 2135 ਵੋਟਾਂ ਪ੍ਰਾਪਤ ਕੀਤੀਆਂ। ਇਹੀ ਹਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦਾ ਰਿਹਾ, ਉਹ ਵੀ ਸਾਰਿਆਂ ਵਾਰਡਾਂ ਵਿੱਚੋਂ ਹਾਰੇ ਹਨ। ਇਸੇ ਤਰ੍ਹਾਂ ਭੋਆ ਵਿਧਾਨ ਸਭਾ ਹਲਕੇ ਅੰਦਰ ਸਾਰੇ 16 ਰਾਊਂਡਾਂ ਵਿੱਚ ਵੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸ਼ੈਰੀ ਕਲਸੀ ਭਾਜਪਾ ਉਮੀਦਵਾਰ ਤੋਂ ਹਾਰੇ। ਇਹੀ ਸਥਿਤੀ ਸੁਜਾਨਪੁਰ ਵਿਧਾਨ ਸਭਾ ਹਲਕੇ ਅੰਦਰ ਰਹੀ ਤੇ ਉਥੇ ਵੀ ਕਾਂਗਰਸੀ ਉਮੀਦਵਾਰ ਸਾਰੇ 15 ਵਾਰਡਾਂ ਵਿੱਚੋਂ ਦੂਸਰੇ ਤੇ ਅਤੇ ਆਮ ਆਦਮੀ ਪਾਰਟੀ ਦੇ ਸ਼ੈਰੀ ਕਲਸੀ ਤੀਸਰੇ ਸਥਾਨ ’ਤੇ ਰਹੇ।